Sunday, February 24, 2019

ਜ਼ਿਲ੍ਹਾ ਲੁਧਿਆਣਾ 5201 ਨੌਕਰੀਆਂ ਦੇ ਕੇ ਪਹਿਲੇ ਸਥਾਨ ’ਤੇ ਰਿਹਾ

Feb 24, 2019, 6:29 PM
-ਘਰ-ਘਰ ਰੋਜ਼ਗਾਰ ਯੋਜਨਾ-

ਪਟਿਆਲਾ 3175 ਨੌਕਰੀਆਂ ਨਾਲ ਦੂਜੇ ਅਤੇ ਸੰਗਰੂਰ 3068 ਨੌਕਰੀਆਂ ਨਾਲ ਤੀਜੇ ਸਥਾਨ ’ਤੇ 
ਪੰਜਾਬ ਸਰਕਾਰ ਵੱਲੋਂ 13 ਤੋਂ 22 ਫਰਵਰੀ ਤੱਕ ਸਬ-ਡਵੀਜਨ ਪੱਧਰੀ ਲਗਾਏ ਗਏ ਰੋਜ਼ਗਾਰ ਮੇਲੇ
ਲੁਧਿਆਣਾ: 25 ਫਰਵਰੀ (ਲੁਧਿਆਣਾ ਸਕਰੀਨ ਬਿਊਰੋ)::
ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ਮਿਤੀ 13 ਫਰਵਰੀ ਤੋਂ 22 ਫਰਵਰੀ ਤੱਕ ਆਯੋਜਿਤ ਕੀਤੇ ਗਏ ਰੋਜ਼ਗਾਰ ਮੇਲਿਆਂ ਦਾ ਸਭ ਤੋਂ ਵੱਧ ਲਾਭ ਜ਼ਿਲ੍ਹਾ ਲੁਧਿਆਣਾ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਚੁੱਕਿਆ ਹੈ। ਸਬ-ਡਵੀਜ਼ਨ ਪੱਧਰ ’ਤੇ ਲਗਾਏ ਗਏ ਇਨ੍ਹਾਂ ਮੇਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਨੇ 5201 ਨੌਕਰੀਆਂ ਦੇ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ 3175 ਨੌਕਰੀਆਂ ਦੇ ਕੇ ਜ਼ਿਲ੍ਹਾ ਪਟਿਆਲਾ ਦੂਜੇ ਅਤੇ 3068 ਨੌਕਰੀਆਂ ਦੇ ਕੇ ਜ਼ਿਲ੍ਹਾ ਸੰਗਰੂਰ ਤੀਜੇ ਸਥਾਨ ’ਤੇ ਰਹੇ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸੂਬੇ ਭਰ ਵਿੱਚ ਲਗਾਏ ਗਏ ਇਨ੍ਹਾਂ ਮੇਲਿਆਂ ਵਿੱਚ 40517 ਨੌਜਵਾਨਾਂ ਨੂੰ ਨੌਕਰੀ ਮਿਲੀ, ਜਦਕਿ 6149 ਬੇਰੁਜ਼ਗਾਰਾਂ ਨੂੰ ਵੱਖ-ਵੱਖ ਨੌਕਰੀਆਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ 4070 ਨੌਜਵਾਨਾਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਵੀ ਇੱਛਾ ਪ੍ਰਗਟਾਈ ਗਈ ਹੈ। 
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਲਗਾਏ ਇਨ੍ਹਾਂ ਮੇਲਿਆਂ ਦੌਰਾਨ 280 ਨੌਕਰੀ ਦਾਤਿਆਂ (ਇੰਪਲਾਇਰਜ਼) ਵੱਲੋਂ 32400 ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਇਨ੍ਹਾਂ ਨੌਕਰੀਆਂ ਲਈ ਕੁੱਲ 11841 ਬੇਰੁਜ਼ਗਾਰਾਂ ਨੇ ਭਾਗ ਲਿਆ। ਕੁੱਲ 5201 ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲਣ ਦੇ ਨਾਲ-ਨਾਲ 14 ਬੇਰੁਜ਼ਗਾਰਾਂ ਨੇ ਸਵੈ-ਰੋਜ਼ਗਾਰ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ। ਇਸ ਤਰ੍ਹਾਂ ਇਨ੍ਹਾਂ ਮੇਲਿਆਂ ਵਿੱਚ ਭਾਗ ਲੈਣ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵੀ ਜ਼ਿਲ੍ਹਾ ਲੁਧਿਆਣਾ ਦੀ ਝੰਡੀ ਰਹੀ। 
ਉਨ੍ਹਾਂ ਜ਼ਿਲ੍ਹਾ ਲੁਧਿਆਣਾ ਵਿੱਚ ਲਗਾਏ ਸਬ-ਡਵੀਜ਼ਨ ਪੱਧਰੀ ਮੇਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਲੁਧਿਆਣਾ ਦੇ ਟੀ. ਸੀ. ਕੇ. ਟੀ. ਇੰਸਟੀਚਿੳੂਟ ਵਿਖੇ ਲਗਾਏ ਗਏ ਲੁਧਿਆਣਾ (ਪੂਰਬੀ) ਰੋਜ਼ਗਾਰ ਮੇਲੇ ਵਿੱਚ ਸਭ ਤੋਂ ਵਧੇਰੇ 1706 ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਗਿਆ, ਜਦਕਿ ਰਾਏਕੋਟ ਵਿਖੇ 833, ਖੰਨਾ ਵਿਖੇ 768, ਆਈ. ਟੀ. ਆਈ. ਲੁਧਿਆਣਾ (ਪੱਛਮੀ) ਵਿਖੇ 620, ਜਗਰਾਂਉ ਵਿਖੇ 604, ਸਮਰਾਲਾ ਵਿਖੇ 439 ਅਤੇ ਪਾਇਲ ਵਿਖੇ 231 ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। 
ਉਹਨਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ- ਆਪ ਨੂੰ  ਵੈਬਸਾਈਟ ’ਤੇ ਰਜਿਸਟਰਡ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਲਗਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਵਿੱਚ ਪਹਿਲ ਦੇ ਅਧਾਰ ’ਤੇ ਮੌਕਾ ਦਿੱਤਾ ਜਾ ਸਕੇ। ਇਨ੍ਹਾਂ ਰੋਜ਼ਗਾਰ ਮੇਲਿਆਂ ਨੂੰ ਸਫ਼ਲ ਕਰਨ ਲਈ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ। 

No comments:

Post a Comment