Thursday, June 10, 2021

ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਵੱਲੋਂ ਪਾਬੰਦੀ ਦੇ ਵੱਖ-ਵੱਖ ਹੁਕਮ ਜਾਰੀ

Thursday: 10th June 2021 at 7:42 PM

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਲਾਗੂ ਹੋਣਗੇ ਇਹ ਹੁਕਮ 

ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਨਹੀਂ ਹੋ ਸਕਣਗੇ ਹੋਣ

ਧਰਨੇ/ਜਲੂਸ/ਰੈਲੀਆਂ ਆਦਿ 'ਤੇ ਪੂਰਨ ਤੌਰ 'ਤੇ ਪਾਬੰਦੀ

ਲੁਧਿਆਣਾ: 10 ਜੂਨ 2021: (ਲੁਧਿਆਣਾ ਸਕਰੀਨ ਬਿਊਰੋ)::
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਹਨ। 

ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ਜਲੂਸ/ਰੈਲੀਆਂ ਆਦਿ 'ਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਰੈਲੀਆਂ/ਧਰਨਿਆਂ/ਜਲੂਸ ਆਦਿ ਲਈ ਸੈਕਟਰ 39-ਏ, ਪੁੱਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕਰਰ ਕੀਤੀ ਥਾਂ ਤੋਂ ਇਲਾਵਾ ਬਿਨਾਂ ਮੰਨਜੂਰੀ ਧਰਨੇ/ਜਲੂਸ/ਰੈਲੀਆਂ ਆਦਿ ਕਰਨ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ ਅਤੇ ਅਗਜ਼ਨੀ ਵਾਲੇ ਤਰਲ ਪਦਾਰਥਾਂ ਨੂੰ ਨਾਲ ਲੈ ਕੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਗੋਲਡ ਲੋਨ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਕਾਨੂੰਨ ਵਿਵਸਥਾ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਹਨ।

ਸ੍ਰੀ ਅਗਰਵਾਲ ਵੱਲੋਂ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਹੁਕਮਾਂ ਵਿੱਚ ਵੱਖ-ਵੱਖ ਸਥਾਨਾਂ 'ਤੇ ਬਰਾਂਚਾ ਦੇ ਅੰਦਰ ਅਤੇ ਬਾਹਰ ਹਾਈ ਕੁਆਲਟੀ ਡੇ-ਨਾਈਟ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਵਿੱਚ ਡੀ.ਵੀ.ਆਰ/ਐਨ.ਵੀ.ਟੀ. ਅਤੇ ਰਿਮੋਟ ਕੰਟਰੋਲ ਰਿਕਾਰਡਿੰਗ ਅਤੇ ਸਟੋਰੇਜ ਸਹੂਲਤਾਂ ਹੋਣ।

ਇਸ ਤੋਂ ਇਲਾਵਾ, ਉਨ੍ਹਾਂ ਮੁੱਖ ਦਫਤਰਾਂ ਨਾਲ ਜੁੜੀਆਂ ਬ੍ਰਾਂਚਾਂ ਵਿਚ ਚੋਰੀ ਦੀ ਵਾਰਦਾਤ ਹੋਣ 'ਤੇ ਅਲਾਰਮ ਲਗਾਉਣ ਲਈ ਵੀ ਕਿਹਾ ਜਿਥੇ ਇਨ ਕਾਲ ਮੈਸਜ ਤੁਰੰਤ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਕੰਟਰੋਲ ਰੂਮ (ਫੋਨ ਨੰਬਰ 78370-18500, 0161-2414932, 0161-2414933) 'ਤੇ ਭੇਜੇ ਜਾ ਸਕਣ ਅਤੇ ਗੰਭੀਰ ਹਾਲਾਤਾਂ ਵਿੱਚ ਤੁਰੰਤ ਕਾਰਵਾਈ ਕਰਨ ਲਈ ਟੈਕਸਟ ਮੈਸਜ ਆਪਣੇ ਆਪ ਸਬੰਧਤ ਐਸ.ਐਚ.ਓ, ਏ.ਸੀ.ਪੀ, ਏ.ਡੀ.ਸੀ.ਪੀ. ਜੁਆਇੰਟ ਸੀ.ਪੀ. ਅਤੇ ਸੀ.ਪੀ. ਨੂੰ ਭੇਜੇ ਜਾ ਸਕਣ।

ਇਸ ਤੋਂ ਇਲਾਵਾ, ਅਲਾਰਮ ਨੂੰ ਇਕ ਬੀ.ਐਸ.ਐਨ.ਐਲ. ਲੈਂਡਲਾਈਨ ਫੋਨ ਨਾਲ ਸ਼ਾਖਾ ਵਿਚ ਇਕ ਆਟੋਡਾਇਲਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਅਲਾਰਮ ਬੰਦ ਹੋ ਜਾਂਦਾ ਹੈ, ਇਕ ਟੈਲੀਪ੍ਰੋੰਪਟਰ ਆਪਣੇ ਆਪ ਪੁਲਿਸ ਕੰਟਰੋਲ ਰੂਮ (ਫੋਨ ਨੰਬਰ 78370-18500, 0161-2414932, 0161-2414933) ਨੂੰ ਪਹਿਲਾਂ ਤੋਂ ਰਿਕਾਰਡ ਕੀਤੇ ਸੰਦੇਸ਼ ਰਾਹੀਂ ਬ੍ਰਾਂਚ ਵਿੱਚ ਸ਼ੱਕੀ ਗਤੀਵਿਧੀ ਬਾਰੇ ਸੂਚਿਤ ਕਰੇ।

ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਿਸਟਮ ਉੱਚੀ ਅਵਾਜ਼ ਵਿੱਚ ਅਲਾਰਮ/ਹੂਟਰ ਦੇਣ ਦੇ ਯੋਗ ਹੋਣਾ ਚਾਹੀਦਾ ਹੈ ਜੋ 100 ਮੀਟਰ ਤੱਕ ਆਸਪਾਸ ਦੇ ਇਲਾਕੇ ਵਿੱਚ ਸੁਣਨਾ ਚਾਹੀਦਾ ਹੈ ਜੋਕਿ ਵਾਲਟ/ਸਟਰੋਂਗ ਰੂਮ/ਕਰੰਸੀ ਚੈਸਟ ਨੂੰ ਜ਼ੋਰਦਾਰ ਢੰਗ ਨਾਲ ਖੋਲਣ ਜਾਂ ਕੋਈ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿੱਚ ਆਪਣੇ ਆਪ ਵੱਜਣ ਲੱਗ ਜਾਵੇ।

ਉਨ੍ਹਾਂ ਕਿਹਾ ਕਿ ਸੁਰੱਖਿਆ ਮੁਲਾਜ਼ਮ ਲਾਜ਼ਮੀ ਤੌਰ 'ਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਡਿਊਟੀ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ, ਪ੍ਰਬੰਧਨ ਨੂੰ ਲਾਜ਼ਮੀ ਤੌਰ 'ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੁੱਖ ਪ੍ਰਵੇਸ਼ ਦੁਆਰ 'ਤੇ ਸ਼ਟਰ ਗੇਟ/ਕੈਂਚੀ ਗੇਟ/ਸਟੀਲ ਬੈਰੀਕੇਡਾਂ ਦੇ ਨਾਲ-ਨਾਲ ਚੇਨ ਅਤੇ ਲਾਕਿੰਗ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਪੁਲਿਸ ਕੰਟਰੋਲ ਰੂਮ ਦੇ ਮਹੱਤਵਪੂਰਨ ਫ਼ੋਨ ਨੰਬਰ 112, ਸਥਾਨਕ ਐਸ.ਐਚ.ਓ, ਏ.ਸੀ.ਪੀ. ਅਤੇ ਏ.ਡੀ.ਸੀ.ਪੀ. ਦੇ ਨੰਬਰਾਂ ਨੂੰ ਬਰਾਂਚਾਂ ਵਿੱਚ ਪ੍ਰਦਰਸ਼ਤ ਕੀਤਾ ਜਾਣਾ ਚਾਹੀਦਾ ਹੈ।

ਇੱਕ ਹੋਰ ਹੁਕਮਾਂ ਵਿੱਚ ਉਨ੍ਹਾਂ ਕਿਹਾ ਪੁਲਿਸ ਕਮਿਸ਼ਨਰੇਟ ਲੁਧਿਆਣਾ ਏਰੀਏ ਵਿੱਚ ਪੈਂਦੇ ਸਪਾ ਤੇ ਮਸਾਜ ਸੈਂਟਰਾਂ ਦੇ ਰਿਸ਼ੈਪਸ਼ਨ ਏਰੀਆ ਵਿੱਚ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਰਸਤਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਲਾਜ਼ਮੀ ਹਨ ਅਤੇ 30 ਦਿਨ ਦਾ ਰਿਕਾਰਡਿੰਗ ਬੈਕਅੱਪ ਵੀ ਰੱਖਿਆ ਜਾਵੇ। ਇਨ੍ਹਾਂ ਸੈਂਂਟਰਾਂ ਦੇ ਮਾਲਕ ਆਉਣ ਵਾਲੇ ਹਰ ਗ੍ਰਾਹਕ ਦਾ ਫੋਟੋ ਆਈ.ਡੀ. ਰੱਖਣਗੇ ਅਤੇ ਆਪਣੇ ਹਰ ਕਰਮਚਾਰੀ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਸੈਂਟਰਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਅੰਦਰ ਅਤੇ ਬਾਹਰ ਜਾਣ ਲਈ ਗੁਪਤ ਰਸਤਾ ਨਹੀਂ ਹੋਣਾ ਚਾਹੀਦਾ। ਇਨ੍ਹਾਂ ਸੈਂਟਰਾਂ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸੈਂਟਰਾਂ ਵਿੱਚ ਸ਼ਰਾਬ ਅਤੇ ਹੋਰ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸੈਂਟਰਾਂ ਦੇ ਮਾਲਕ ਆਪਣੇ ਕਰਮਚਾਰੀਆਂ ਦੀ ਸੂਚੀ ਤੁਰੰਤ ਨੇੜਲੇ ਥਾਣਿਆਂ ਵਿੱਚ ਜਮ੍ਹਾਂ ਕਰਵਾਉਣਗੇ।

ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।

Friday, June 4, 2021

Covid: ਸਭਨਾਂ ਲਈ ਦਵਾਈ ਅਤੇ ਟੀਕੇ ਸਰਕਾਰ ਮੁਫ਼ਤ ਯਕੀਨੀ ਬਣਾਏ-IDPD

ਸਿਟੀਜ਼ਨਜ਼ ਐਕਸ਼ਨ ਫਰੰਟ ਵੱਲੋਂ ਲੁਧਿਆਣਾ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ 


ਲੁਧਿਆਣਾ
: 4 ਜੂਨ 2021: (ਕਾਰਤਿਕਾ ਸਿੰਘ//ਲੁਧਿਆਣਾ ਸਕਰੀਨ)::

ਲੋਕ ਦੁਖੀ ਹਨ ਅਤੇ ਮਜਬੂਰ ਹੋ ਕੇ ਉਹੀ ਰਸਤਾ ਚੁਣ ਰਹੇ ਹਨ ਜਿਹੜਾ ਉਹਨਾਂ ਦੀ ਜ਼ਿੰਦਗੀ ਨੂੰ ਖਤਰਿਆਂ ਵਿਚ ਲੈ ਜਾਵੇਗਾ। ਉਹ ਕੋਵਿਡ ਤੋਂ ਬਚਾਓ ਕਰਨ ਵਾਲੇ ਟੀਕੇ ਨਹੀਂ ਲਗਵਾ ਰਹੇ ਕਿਓਂਕਿ ਨਿਜੀ ਹਸਪਤਾਲਾਂ ਵਿੱਚ ਇਹ ਬਹੁਤ ਮਹਿੰਗੇ ਲੱਗ ਰਹੇ ਹਨ। ਪ੍ਰਤੀ ਵਿਅਕਤੀ ਇੱਕ ਹਜ਼ਾਰ ਰੁਪਏ ਤੋਂ ਵੀ ਵੱਧ। ਉਹ ਕੋਵਿਡ ਤੋਂ ਬਚਾਓ ਵਾਲਿਆਂ ਦਵਾਈਆਂ ਵੀ ਨਹੀਂ ਲੈ ਰਹੇ ਕਿਓਂਕਿ ਇਹ ਵੀ ਸਸਤੀਆਂ ਨਹੀਂ ਮਿਲ ਰਹੀਆਂ। ਉਹ ਆਕਸੀਜ਼ਨ ਦਾ ਲੈਵਲ ਵੀ ਚੈਕ ਨਹੀਂ ਕਰਦੇ ਕਿਓਂਕਿ ਇਸਨੂੰ ਜਾਂਚਣ ਵਾਲਾ ਆਕਸੀਮੀਟਰ ਵੀ ਬਲੈਕ ਵਿਚ ਮਿਲ ਰਿਹਾ ਹੈ। ਕੋਵਿਡ ਦੇ ਨਾਲ ਨਾਲ ਬਲੈਕ ਫੰਗਸ ਦੀ ਦਹਿਸ਼ਤ ਵੀ ਤੇਜ਼ੀ ਨਾਲ ਵੱਧ ਰਹੀ ਹੈ। ਲੋਕ ਬੁਖਾਰ ਚੈਕ ਕਰਵਾਉਣ ਤੋਂ ਵੀ ਡਰ ਰਹੇ ਹਨ। ਡਰੇ ਅਤੇ ਸਹਿਮੇ ਹੋਏ ਲੋਕ ਪੁੱਛਦੇ ਹਨ ਕਿ ਕੀ ਕੋਰੋਨਾ ਦੀ ਬਿਮਾਰੀ ਸਾਡੀ ਕਿਸੇ ਗਲਤੀ ਦਾ ਨਤੀਜਾ ਹੈ? ਕੀ ਅਸੀਂ ਦਿਨ ਰਾਤ ਮਿਹਨਤ ਨਹੀਂ ਕਰਦੇ? ਕੀ ਅਸੀਂ ਟੈਕਸ ਨਹੀਂ ਦੇਂਦੇ? ਕਿ ਮਹਾਮਾਰੀ ਵਰਗੀਆਂ ਇਹਨਾਂ ਆਫ਼ਤਾਂ ਤੋਂ ਸਾਡਾ ਬਚਾਓ ਕਰਨਾ ਸਰਕਾਰਾਂ ਦੀ ਇਖਲਾਕੀ ਜ਼ਿੰਮੇਵਾਰੀ ਨਹੀਂ ਸੀ?

ਪਿਛਲੇ ਕੁਝ ਮਹੀਨਿਆਂ ਵਿਚ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਸਿਹਤ ਸੇਵਾਵਾਂ ਦੀ ਮੰਦੀ ਹਾਲਤ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਰਕਾਰ ਵਲੋਂ ਸਿਹਤ ਬਾਰੇ  ਅਤੇ ਲੋਕਾਂ ਦੀਆਂ ਜ਼ਿੰਦਗੀਆਂ ਬਾਰੇ ਅਸੰਵੇਦਨਸ਼ੀਲਤਾ ਕਰਕੇ ਜੋ ਇਨ੍ਹਾਂ ਹਾਲਾਤਾਂ ਨੂੰ ਸੰਭਾਲਣ ਲਈ ਤਿਆਰੀ ਵਿਚ ਕੁਤਾਹੀ ਕੀਤੀ ਗਈ  ਉਸ ਕਾਰਨ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਤੇ ਇਲਾਜ ਲਈ ਲੋਕ ਦਰ ਬਦਰ ਭਟਕਦੇ ਰਹੇ । ਹਾਲਾਤਾਂ ਨੂੰ ਸੁਧਾਰਨ ਅਤੇ ਆਉਣ ਵਾਲੇ ਸਮੇਂ ਵਿੱਚ ਸਿਹਤ ਸੇਵਾਵਾਂ ਨੂੰ ਠੀਕ ਕਰਕੇ  ਸਭ ਨੂੰ ਟੀਕੇ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣ ਦੀ ਮੰਗ ਨੂੰ ਲੈ ਕੇ ਅੱਜ ਸਿਟੀਜ਼ਨ ਐਕਸ਼ਨ ਫਰੰਟ ਲੁਧਿਆਣਾ ਅਤੇ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਆਈਡੀਪੀਡੀ ਵੱਲੋਂ ਇਕ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰੋਗਰਾਮ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਵੱਲੋਂ “ਸਭ ਨੂੰ ਟੀਕਾ ਸਭ ਨੂੰ ਦਵਾਈ” ਦੀ ਕੌਮੀ ਮੁਹਿੰਮ ਦੇ ਤਹਿਤ ਕੀਤਾ ਗਿਆ. ਇਸ ਮੌਕੇ ਤੇ ਬੋਲਦਿਆਂ ਪ੍ਰੋ ਜਗਮੋਹਨ ਸਿੰਘ ਨੇ ਕਿਹਾ  ਕੇ ਸਰਕਾਰ ਨਿਰੀ ਪੁਰੀ ਕਾਰਪੋਰੇਟ ਜਗਤ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਸਿਹਤ ਦੇ ਮਾਮਲੇ ਵਿੱਚ ਵੀ ਇਹ ਹੀ ਕਰ ਰਹੀ ਹੈ । ਗ਼ਰੀਬਾਂ ਦੀ ਤਾਂ ਗੱਲ ਹੀ ਛੱਡੋ, ਮੱਧਮ ਵਰਗੀ ਲੋਕ ਵੀ ਹੁਣ ਇਲਾਜ ਕਰਾਉਣ ਲਈ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਆਰਥਿਕ ਤੌਰ ਤੇ  ਬਿਲਕੁਲ ਹੀ ਨਿਚੋੜੇ ਜਾ ਰਹੇ ਹਨ। ਡਾ ਅਰੁਣ ਮਿੱਤਰਾ ਨੇ ਕਿਹਾ ਕਿ ਜਿਸ ਢੰਗ ਦੇ ਨਾਲ ਟੀਕਾਕਰਨ ਦੀ ਕਿਰਿਆ ਸ਼ੁਰੂ ਕੀਤੀ ਗਈ ਤੇ ਜਿਹੜੇ ਟੀਕੇ ਸ਼ੁਰੂ ਵਿਚ ਢਾਈ ਸੌ ਰੁਪਏ ਵਿੱਚ ਲੱਗੇ ਅਤੇ  ਜੋ ਹੁਣ ਸਾਢੇ ਅੱਠ ਸੌ ਰੁਪਏ ਵਿਚ ਲੱਗ ਰਿਹਾ ਹੈ ਇਸ ਗੱਲ ਦੀ ਸਰਕਾਰ ਕੋਲ ਕੋਈ ਦਲੀਲ ਨਹੀਂ ਹੈ । ਟੀਕਾ ਇੰਨਾ ਮਹਿੰਗਾ ਹੋਣ ਕਰਕੇ ਲੋਕ ਹੁਣ ਟੀਕੇ ਨਹੀਂ ਲਵਾ ਰਹੇ। 

ਇਹ ਚੇਤੇ ਰਹੇ ਕਿ ਆਧਾਰ ਪੂਨਾਵਾਲਾ ਨੇ ਕਿਹਾ ਸੀ ਕਿ ਉਹ ਡੇਢ ਸੌ ਰੁਪਏ ਵਿੱਚ ਵੀ ਮੁਨਾਫ਼ਾ ਕਮਾਉਂਦੇ ਹਨ। ਪਰ ਹੁਣ ਸਾਢੇ ਅੱਠ ਸੌ ਰੁਪਏ ਵਿੱਚ  ਦੇਣ ਦਾ ਕੀ ਮਤਲਬ ਹੈ  । ਸਰਕਾਰ ਨੇ ਜੋ ਪੈਂਤੀ ਹਜ਼ਾਰ ਕਰੋੜ ਰੁਪਇਆ ਵੈਕਸੀਨ ਲਈ ਤੈਅ ਕੀਤਾ ਹੈ ਉਸਦੇ ਵਿੱਚ ਸਮੁੱਚੇ ਭਾਰਤ ਦੀ ਸਾਰੀ ਆਬਾਦੀ ਨੂੰ ਮੁਫਤ ਟੀਕਾਕਰਨ ਹੋ ਸਕਦਾ ਹੈ । ਜੇਕਰ ਹੋਰ ਪੈਸੇ ਦੀ ਵੀ ਲੋੜ ਹੋਵੇ ਤਾਂ ਕਈ ਹੋਰ ਸੋਮਿਆਂ ਤੋਂ ਪੈਸਾ ਲਿਆ ਜਾ ਸਕਦਾ ਹੈ । ਇਹ ਬੜੀ ਦੁਖਦਾਈ ਗੱਲ ਹੈ ਕਿ ਸੈਂਟਰਲ ਵਿਸਟਾ ਵਰਗੇ ਬੇਲੋੜੇ ਪ੍ਰੋਜੈਕਟ ਤੇ ਇਸ ਮਹਾਂਮਾਰੀ ਦੇ ਦੌਰਾਨ ਜਦੋਂ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ, ਵੀਹ ਹਜ਼ਾਰ ਕਰੋੜ  ਰੁਪਏ ਖਰਚ ਕੀਤੇ ਜਾ ਰਹੇ ਹਨ । ਡਾ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਬੰਦ ਕਰਕੇ ਸਾਰਾ ਪੈਸਾ ਕੋਰੋਨਾ ਵੱਲ ਲਾ ਦੇਣਾ ਚਾਹੀਦਾ ਹੈ। ਐਮ ਐਸ ਭਾਟੀਆ ਨੇ ਬੋਲਦੇ ਹੋਏ ਕਿਹਾ ਕਿ ਪਹਿਲੀ ਲਹਿਰ ਦੇ ਦੌਰਾਨ ਵੀ ਲੋਕਾਂ ਨੇ ਲੋੜਵੰਦਾਂ ਦੀ ਬੜੀ ਸਹਾਇਤਾ ਕੀਤੀ ਸੀ ਅਤੇ ਹੁਣ ਵੀ ਜਦੋਂ ਸਰਕਾਰ ਫੇਲ੍ਹ ਹੋ ਗਈ ਤਾਂ ਗੁਰਦੁਆਰਿਆਂ  ਵੱਲੋਂ ਤੇ ਕੁਝ ਹੋਰ ਸੰਸਥਾਵਾਂ ਵੱਲੋਂ ਆਕਸੀਜਨ ਦੇ ਲੰਗਰ ਲਗਾ ਕੇ ਲੋਕਾਂ ਲਈ ਬਹੁਤ ਕੰਮ ਕੀਤਾ ਜਾ ਰਿਹਾ ਹੈ। ਇਥੇ ਦੱਸਣਾ ਜ਼ਰੂਰੀ ਹੈ ਕਿ ਆਈਡੀਪੀਡੀ ਨੇ ਕੌਮੀ ਪੱਧਰ ਤੇ ਸਭ ਲਈ ਟੀਕਾ-ਸਭ ਨੂੰ ਦਵਾਈ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ । ਬੁਲਾਰਿਆਂਵਿੱਚ ਨਵਲ ਛਿੱਬੜ ਐਡਵੋਕੇਟ, ਡਾ ਗੁਰਵਿੰਦਰ ਸਿੰਘ, ਰਮੇਸ਼ ਰਤਨ, ਜਗਦੀਸ਼ ਚੰਦ ਅਤੇ ਪਰਮਜੀਤ ਸਿੰਘ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਡਾ ਸੂਰਜ ਢਿੱਲੋਂ, ਡਾ ਗੁਰਸ਼ਰਨ, ਕਾਮਰੇਡ ਰਘਬੀਰ ਸਿੰਘ ਬੈਨੀਪਾਲ, ਵਿਜੇ ਕੁਮਾਰ, ਵਿਨੋਦ ਕੁਮਾਰ, ਕੁਲਵੰਤ ਕੌਰ, ਚਰਨ ਸਰਾਬਾ, ਅਵਤਾਰ ਛਿੱਬੜ ਆਦਿ ਸ਼ਾਮਿਲ ਹੋਏ।  

ਕਿਸੇ ਵੇਲੇ ਇੱਕ ਨਾਅਰਾ ਬੜਾ ਲੱਗਦਾ ਹੁੰਦਾ ਸੀ। ਰੋਜ਼ੀ ਰੋਟੀ ਦੇ ਨ ਸਕੇ ਜੋ ਵੋ ਸਰਕਾਰ ਨਿਕੰਮੀ ਹੈ। ਅੱਜ ਦੇ ਮੁਜ਼ਾਹਰੇ ਵਿੱਚ ਦਹਾਕਿਆਂ ਪੁਰਾਣਾ ਇਹ ਨਾਅਰਾ ਵੀ ਬਦਲ ਗਿਆ ਕਿ ਆਕਸੀਜ਼ਨ ਦੇ ਨ ਸਕੇ ਜੋ ਵੋ ਸਰਕਾਰ ਨਿਕੰਮੀ ਹੈ!

Tuesday, June 1, 2021

ਐੱਸਪੀਐੱਸ ਹਸਪਤਾਲ ’ਚ ਟੀਕਾਕਰਨ ਮੁਹਿੰਮ ਦੀ ਸੁਰੂਆਤ

 31st May 2021 at 4:06 PM

ਸਵੇਰੇ 9 ਤੋਂ ਸ਼ਾਮ 7:30 ਵਜੇ ਤੱਕ ਚੱਲਦਾ ਹੈ ਵੈਕਸੀਨੇਸ਼ਨ 


ਲੁਧਿਆਣਾ
: 31 ਮਈ 2021: (ਲੁਧਿਆਣਾ ਸਕਰੀਨ ਬਿਊਰੋ)::

ਲੁਧਿਆਣਾ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਇੱਕ ਪੁਲਾਂਘ ਹੋਰ ਅੱਗੇ ਪੁੱਟਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਥਾਨਕ ਸਤਿਗੁਰੂ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਵਿੱਚ ਟੀਕਾਕਰਨ ਸਹੂਲਤ ਦੀ ਸ਼ੁਰੂਆਤ ਕੀਤੀ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਦੇ ਨਾਲ ਡੀਸੀ ਸ਼ਰਮਾ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਕੋਵਿਡਸ਼ੀਲਡ ਦੀਆਂ 25000 ਖੁਰਾਕਾਂ ਦੀ ਖਰੀਦ ਕਰਕੇ ਇਸ ਮਾਰੂ ਬਿਮਾਰੀ ਵਿਰੁੱਧ ਲੜਾਈ ਵਿਚ ਸ਼ਾਮਲ ਹੋਣ ਲਈ ਐੱਸਪੀਐੱਸ. ਹਸਪਤਾਲ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੀਕਾਕਰਨ ਡੈਸਕ ਇਥੇ ਸਵੇਰੇ 9 ਤੋਂ ਸ਼ਾਮ 7:30 ਵਜੇ ਤੱਕ ਚੱਲੇਗਾ। ਡੀਸੀ ਨੇ ਦੱਸਿਆ ਕਿ ਐਤਵਾਰ ਨੂੰ ਆਪਣਾ ਵਾਹਨ ਚਲਾਉਂਦੇ ਹੋਏ (ਡ੍ਰਾਈਵ ਥਰੂ) ਟੀਕਾਕਰਨ ਵੀ ਇਥੇ ਸ਼ੁਰੂ ਕੀਤਾ ਜਾਵੇਗਾ ਅਤੇ ਲੋਕ ਕਾਰਾਂ, ਮੋਟਰਸਾਈਕਲਾਂ ਜਾਂ ਹੋਰਾਂ ਸਾਧਨਾਂ ਰਾਹੀਂ ਇਥੇ ਆ ਸਕਦੇ ਹਨ ਅਤੇ ਆਪਣੇ-ਆਪਣੇ ਵਾਹਨਾਂ ਵਿਚ ਬੈਠ ਕੇ ਟੀਕਾਕਰਨ ਕਰਵਾ ਸਕਦੇ ਹਨ।

ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਦੇ ਨਾਲ, ਸ੍ਰੀ ਸ਼ਰਮਾ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਕੋਵਿਡਸ਼ਿਲਡ ਦੀਆਂ 25000 ਖੁਰਾਕਾਂ ਦੀ ਖਰੀਦ ਕਰਕੇ ਇਸ ਮਾਰੂ ਬਿਮਾਰੀ ਵਿਰੁੱਧ ਲੜਾਈ ਵਿਚ ਸ਼ਾਮਲ ਹੋਣ ਲਈ ਐਸ.ਪੀ.ਐਸ. ਹਸਪਤਾਲ ਦੇ ਉੱਦਮ ਦਾ ਸਵਾਗਤ ਕੀਤਾ।

ਉਨ੍ਹਾਂ ਕਿਹਾ ਕਿ ਟੀਕਾਕਰਨ ਡੈਸਕ ਇਥੇ ਸਵੇਰੇ 9 ਵਜੇ ਤੋਂ ਸ਼ਾਮ 7:30 ਵਜੇ ਤੱਕ ਚੱਲੇਗਾ ਅਤੇ ਜਿਹੜੇ ਲੋਕ ਆਪਣੀ ਨੌਕਰੀ ਜਾਂ ਕਾਰੋਬਾਰ ਦੇ ਰੁਝੇਂਵਿਆਂ ਕਰਕੇ ਸਵੇਰ ਦੇ ਸਮੇਂ ਟੀਕਾਕਰਨ ਕਰਵਾਉਣ ਵਿੱਚ ਅਸਮਰੱਥ ਹਨ,  ਉਹ ਵੀ ਦੇਰ ਸ਼ਾਮ ਵੈਕਸੀਨ ਲਗਵਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਨੂੰ ਆਪਣਾ ਵਾਹਨ ਚਲਾਉਂਦੇ ਹੋਏ (ਡ੍ਰਾਈਵ ਥਰੂ) ਟੀਕਾਕਰਣ ਵੀ ਇਥੇ ਸ਼ੁਰੂ ਕੀਤਾ ਜਾਵੇਗਾ ਅਤੇ ਲੋਕ ਕਾਰਾਂ, ਮੋਟਰਸਾਈਕਲਾਂ ਜਾਂ ਹੋਰਾਂ ਸਾਧਨਾਂ ਰਾਹੀਂ ਇਥੇ ਆ ਸਕਦੇ ਹਨ ਅਤੇ ਆਪਣੇ-ਆਪਣੇ ਵਾਹਨਾਂ ਵਿਚ ਬੈਠ ਕੇ ਟੀਕਾਕਰਨ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਵੱਧ ਤੋਂ ਵੱਧ ਲੋਕ ਨਿੱਜੀ ਸਿਹਤ ਸੰਸਥਾਵਾਂ ਵਿੱਚ ਨਾਮਾਤਰ ਖਰਚੇ ਦੇ ਕੇ ਆਪਣੇ ਘਰਾਂ ਦੇ ਨਜ਼ਦੀਕ ਜੀਵਨ ਦਾਨ ਦੇਣ ਵਾਲੀ ਵੈਕਸੀਨ ਹਾਸਲ ਕਰ ਸਕਣਗੇ ਜਦੋਂਕਿ ਸਰਕਾਰੀ ਸਿਹਤ ਕੇਂਦਰਾਂ ਰਾਹੀਂ ਇਹ ਟੀਕਾਕਰਨ ਮੁਫਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜ ਨਿੱਜੀ ਹਸਪਤਾਲਾਂ ਵੱਲੋਂ ਟੀਕਾਕਰਨ ਦੀ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਨਿੱਜੀ ਸਿਹਤ ਸੰਸਥਾਵਾਂ/ਹਸਪਤਾਲ ਵੱਲੋਂ ਵੀ ਵੈਕਸੀਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਲੋਕ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।

ਸ੍ਰੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਦੇ ਕੁੱਲ 7.8 ਲੱਖ ਲੋਕਾਂ ਨੇ 30 ਮਈ, 2021 ਤੱਕ ਜਾਨ ਬਚਾਉਣ ਵਾਲੀ ਵੈਕਸੀਨ ਦੀ ਪਹਿਲੀ ਜਾਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ ਅਤੇ ਹਰ ਯੋਗ ਵਿਅਕਤੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਆਪਣਾ ਟੀਕਾਕਰਨ ਕਰਵਾਉਣ ਤਾਂ ਜੋ ਅਸੀਂ ਤੀਜੀ ਲਹਿਰ ਤੋਂ ਬਚ ਸਕੀਏ ਅਤੇ ਕੀਮਤੀ ਜਾਨਾਂ ਨੂੰ ਬਚਾ ਸਕੀਏ।

ਉਨ੍ਹਾਂ ਕਿਹਾ ਕਿ ਤੇਜ਼ ਟੀਕਾਕਰਨ ਇਸ ਮਹਾਂਮਾਰੀ ਦੀ ਇਕ ਹੋਰ ਲਹਿਰ ਨੂੰ ਰੋਕਣ ਦਾ ਇੱਕੋ-ਇੱਕ ਹੱਲ ਹੈ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਲੁਧਿਆਣਵੀਆਂ ਦਾ ਪੂਰਨ ਤੌਰ 'ਤੇ ਕੋਵਿਡ ਟੀਕਾਕਰਨ ਕਰਵਾਉਣ ਲਈ ਵਚਨਬੱਧ ਹੈ।