Showing posts with label Police. Show all posts
Showing posts with label Police. Show all posts

Thursday, June 10, 2021

ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਵੱਲੋਂ ਪਾਬੰਦੀ ਦੇ ਵੱਖ-ਵੱਖ ਹੁਕਮ ਜਾਰੀ

Thursday: 10th June 2021 at 7:42 PM

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਲਾਗੂ ਹੋਣਗੇ ਇਹ ਹੁਕਮ 

ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਨਹੀਂ ਹੋ ਸਕਣਗੇ ਹੋਣ

ਧਰਨੇ/ਜਲੂਸ/ਰੈਲੀਆਂ ਆਦਿ 'ਤੇ ਪੂਰਨ ਤੌਰ 'ਤੇ ਪਾਬੰਦੀ

ਲੁਧਿਆਣਾ: 10 ਜੂਨ 2021: (ਲੁਧਿਆਣਾ ਸਕਰੀਨ ਬਿਊਰੋ)::
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਹਨ। 

ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ਜਲੂਸ/ਰੈਲੀਆਂ ਆਦਿ 'ਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਰੈਲੀਆਂ/ਧਰਨਿਆਂ/ਜਲੂਸ ਆਦਿ ਲਈ ਸੈਕਟਰ 39-ਏ, ਪੁੱਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕਰਰ ਕੀਤੀ ਥਾਂ ਤੋਂ ਇਲਾਵਾ ਬਿਨਾਂ ਮੰਨਜੂਰੀ ਧਰਨੇ/ਜਲੂਸ/ਰੈਲੀਆਂ ਆਦਿ ਕਰਨ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ ਅਤੇ ਅਗਜ਼ਨੀ ਵਾਲੇ ਤਰਲ ਪਦਾਰਥਾਂ ਨੂੰ ਨਾਲ ਲੈ ਕੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਗੋਲਡ ਲੋਨ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਕਾਨੂੰਨ ਵਿਵਸਥਾ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਹਨ।

ਸ੍ਰੀ ਅਗਰਵਾਲ ਵੱਲੋਂ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਹੁਕਮਾਂ ਵਿੱਚ ਵੱਖ-ਵੱਖ ਸਥਾਨਾਂ 'ਤੇ ਬਰਾਂਚਾ ਦੇ ਅੰਦਰ ਅਤੇ ਬਾਹਰ ਹਾਈ ਕੁਆਲਟੀ ਡੇ-ਨਾਈਟ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਵਿੱਚ ਡੀ.ਵੀ.ਆਰ/ਐਨ.ਵੀ.ਟੀ. ਅਤੇ ਰਿਮੋਟ ਕੰਟਰੋਲ ਰਿਕਾਰਡਿੰਗ ਅਤੇ ਸਟੋਰੇਜ ਸਹੂਲਤਾਂ ਹੋਣ।

ਇਸ ਤੋਂ ਇਲਾਵਾ, ਉਨ੍ਹਾਂ ਮੁੱਖ ਦਫਤਰਾਂ ਨਾਲ ਜੁੜੀਆਂ ਬ੍ਰਾਂਚਾਂ ਵਿਚ ਚੋਰੀ ਦੀ ਵਾਰਦਾਤ ਹੋਣ 'ਤੇ ਅਲਾਰਮ ਲਗਾਉਣ ਲਈ ਵੀ ਕਿਹਾ ਜਿਥੇ ਇਨ ਕਾਲ ਮੈਸਜ ਤੁਰੰਤ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਕੰਟਰੋਲ ਰੂਮ (ਫੋਨ ਨੰਬਰ 78370-18500, 0161-2414932, 0161-2414933) 'ਤੇ ਭੇਜੇ ਜਾ ਸਕਣ ਅਤੇ ਗੰਭੀਰ ਹਾਲਾਤਾਂ ਵਿੱਚ ਤੁਰੰਤ ਕਾਰਵਾਈ ਕਰਨ ਲਈ ਟੈਕਸਟ ਮੈਸਜ ਆਪਣੇ ਆਪ ਸਬੰਧਤ ਐਸ.ਐਚ.ਓ, ਏ.ਸੀ.ਪੀ, ਏ.ਡੀ.ਸੀ.ਪੀ. ਜੁਆਇੰਟ ਸੀ.ਪੀ. ਅਤੇ ਸੀ.ਪੀ. ਨੂੰ ਭੇਜੇ ਜਾ ਸਕਣ।

ਇਸ ਤੋਂ ਇਲਾਵਾ, ਅਲਾਰਮ ਨੂੰ ਇਕ ਬੀ.ਐਸ.ਐਨ.ਐਲ. ਲੈਂਡਲਾਈਨ ਫੋਨ ਨਾਲ ਸ਼ਾਖਾ ਵਿਚ ਇਕ ਆਟੋਡਾਇਲਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਅਲਾਰਮ ਬੰਦ ਹੋ ਜਾਂਦਾ ਹੈ, ਇਕ ਟੈਲੀਪ੍ਰੋੰਪਟਰ ਆਪਣੇ ਆਪ ਪੁਲਿਸ ਕੰਟਰੋਲ ਰੂਮ (ਫੋਨ ਨੰਬਰ 78370-18500, 0161-2414932, 0161-2414933) ਨੂੰ ਪਹਿਲਾਂ ਤੋਂ ਰਿਕਾਰਡ ਕੀਤੇ ਸੰਦੇਸ਼ ਰਾਹੀਂ ਬ੍ਰਾਂਚ ਵਿੱਚ ਸ਼ੱਕੀ ਗਤੀਵਿਧੀ ਬਾਰੇ ਸੂਚਿਤ ਕਰੇ।

ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਿਸਟਮ ਉੱਚੀ ਅਵਾਜ਼ ਵਿੱਚ ਅਲਾਰਮ/ਹੂਟਰ ਦੇਣ ਦੇ ਯੋਗ ਹੋਣਾ ਚਾਹੀਦਾ ਹੈ ਜੋ 100 ਮੀਟਰ ਤੱਕ ਆਸਪਾਸ ਦੇ ਇਲਾਕੇ ਵਿੱਚ ਸੁਣਨਾ ਚਾਹੀਦਾ ਹੈ ਜੋਕਿ ਵਾਲਟ/ਸਟਰੋਂਗ ਰੂਮ/ਕਰੰਸੀ ਚੈਸਟ ਨੂੰ ਜ਼ੋਰਦਾਰ ਢੰਗ ਨਾਲ ਖੋਲਣ ਜਾਂ ਕੋਈ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿੱਚ ਆਪਣੇ ਆਪ ਵੱਜਣ ਲੱਗ ਜਾਵੇ।

ਉਨ੍ਹਾਂ ਕਿਹਾ ਕਿ ਸੁਰੱਖਿਆ ਮੁਲਾਜ਼ਮ ਲਾਜ਼ਮੀ ਤੌਰ 'ਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਡਿਊਟੀ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ, ਪ੍ਰਬੰਧਨ ਨੂੰ ਲਾਜ਼ਮੀ ਤੌਰ 'ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੁੱਖ ਪ੍ਰਵੇਸ਼ ਦੁਆਰ 'ਤੇ ਸ਼ਟਰ ਗੇਟ/ਕੈਂਚੀ ਗੇਟ/ਸਟੀਲ ਬੈਰੀਕੇਡਾਂ ਦੇ ਨਾਲ-ਨਾਲ ਚੇਨ ਅਤੇ ਲਾਕਿੰਗ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਪੁਲਿਸ ਕੰਟਰੋਲ ਰੂਮ ਦੇ ਮਹੱਤਵਪੂਰਨ ਫ਼ੋਨ ਨੰਬਰ 112, ਸਥਾਨਕ ਐਸ.ਐਚ.ਓ, ਏ.ਸੀ.ਪੀ. ਅਤੇ ਏ.ਡੀ.ਸੀ.ਪੀ. ਦੇ ਨੰਬਰਾਂ ਨੂੰ ਬਰਾਂਚਾਂ ਵਿੱਚ ਪ੍ਰਦਰਸ਼ਤ ਕੀਤਾ ਜਾਣਾ ਚਾਹੀਦਾ ਹੈ।

ਇੱਕ ਹੋਰ ਹੁਕਮਾਂ ਵਿੱਚ ਉਨ੍ਹਾਂ ਕਿਹਾ ਪੁਲਿਸ ਕਮਿਸ਼ਨਰੇਟ ਲੁਧਿਆਣਾ ਏਰੀਏ ਵਿੱਚ ਪੈਂਦੇ ਸਪਾ ਤੇ ਮਸਾਜ ਸੈਂਟਰਾਂ ਦੇ ਰਿਸ਼ੈਪਸ਼ਨ ਏਰੀਆ ਵਿੱਚ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਰਸਤਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਲਾਜ਼ਮੀ ਹਨ ਅਤੇ 30 ਦਿਨ ਦਾ ਰਿਕਾਰਡਿੰਗ ਬੈਕਅੱਪ ਵੀ ਰੱਖਿਆ ਜਾਵੇ। ਇਨ੍ਹਾਂ ਸੈਂਂਟਰਾਂ ਦੇ ਮਾਲਕ ਆਉਣ ਵਾਲੇ ਹਰ ਗ੍ਰਾਹਕ ਦਾ ਫੋਟੋ ਆਈ.ਡੀ. ਰੱਖਣਗੇ ਅਤੇ ਆਪਣੇ ਹਰ ਕਰਮਚਾਰੀ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਸੈਂਟਰਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਅੰਦਰ ਅਤੇ ਬਾਹਰ ਜਾਣ ਲਈ ਗੁਪਤ ਰਸਤਾ ਨਹੀਂ ਹੋਣਾ ਚਾਹੀਦਾ। ਇਨ੍ਹਾਂ ਸੈਂਟਰਾਂ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸੈਂਟਰਾਂ ਵਿੱਚ ਸ਼ਰਾਬ ਅਤੇ ਹੋਰ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸੈਂਟਰਾਂ ਦੇ ਮਾਲਕ ਆਪਣੇ ਕਰਮਚਾਰੀਆਂ ਦੀ ਸੂਚੀ ਤੁਰੰਤ ਨੇੜਲੇ ਥਾਣਿਆਂ ਵਿੱਚ ਜਮ੍ਹਾਂ ਕਰਵਾਉਣਗੇ।

ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।

Monday, April 13, 2020

ਝੂਠ ਬੋਲਕੇ ਵਾਧੂ ਰਾਸ਼ਨ ਇਕੱਠਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ

ਪੜਤਾਲ ਕੀਤੀ ਤਾਂ ਸਟੋਰ ਕੀਤੇ ਰਾਸ਼ਨ ਵਿੱਚ ਬਦਾਮ ਵੀ ਮਿਲੇ 
ਲੁਧਿਆਣਾ: 13 ਅਪ੍ਰੈਲ 2020: (ਲੁਧਿਆਣਾ ਸਕਰੀਨ ਬਿਊਰੋ)::
ਪੁਲਿਸ ਕਮਿਸ਼ਨਰੇਟ, ਲੁਧਿਆਣਾ ਵੱਲੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉ ਲਈ ਪਿਛਲੇ ਦਿਨਾਂ ਤੋ ਪਬਲਿਕ ਦੇ ਹਿੱਤ ਲਈ ਕਰਫਿਊ ਲੱਗਾ ਹੋਇਆ ਹੈ।  ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਕਰਫਿਊ ਸਬੰਧੀ ਲਗਾਈਆਂ ਗਈਆਂ ਸ਼ਰਤਾਂ/ਨਿਯਮਾਂ ਤੋ ਪਹਿਲਾਂ ਹੀ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ। ਪੁਲਿਸ ਕਮਿਸ਼ਨਰੇਟ, ਲੁਧਿਆਣਾ ਅਤੇ ਸਿਵਲ ਪ੍ਰਸ਼ਾਸਨ ਵੱਲੋ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਐਨ.ਜੀ.ਓਜ਼ ਨਾਲ ਮਿਲਕੇ ਕਰਫਿਉ ਦੌਰਾਨ ਲੌੜਵੰਦਾਂ ਤੱਕ ਰਾਸ਼ਨ ਅਤੇ ਤਿਆਰ ਕੀਤਾ ਹੋਇਆ ਖਾਣਾ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਲੌੜਵੰਦ ਰੋਟੀ ਤੋ ਵਾਂਝਾ ਨਾ ਰਹਿ ਸਕੇ। ਕੱਲ ਮਿਤੀ 12 ਅਪ੍ਰੈਲ 2020 ਨੂੰ ਮੋਤੀ ਨਗਰ ਦੇ ਏਰੀਆਂ ਵਿਚ ਪਵਿੱਤਰ ਕੁਮਾਰ ਪੁੱਤਰ ਪਰਚਿਤ ਵਾਸੀ ਸਵਰਨ ਪੈਲੈਸ ਵਾਲੀ ਗਲੀ, ਰਾਜੂ ਦਾ ਵੇਹੜਾ,ਸ਼ੇਰਪੁਰ ਕਲਾਂ, ਲੁਧਿਆਣਾ ਵੱਲੋ ਦਫਤਰ ਕਮਿਸ਼ਨਰ ਪੁਲਿਸ, ਲੁਧਿਆਣਾ ਨੂੰ ਫੋਨ ਪਰ ਦੱਸਿਆ ਕਿ ਉਸ ਪਾਸ ਕਰਫਿਊ ਲੱਗਣ ਕਾਰਨ ਖਾਣ-ਪੀਣ ਦਾ ਸਮਾਨ/ਰਾਸ਼ਨ  ਖਤਮ ਹੋ ਚੁੱਕਾ ਹੈ ਜਿਸ ਕਰਕੇ ਉਸ ਦਾ ਸਾਰਾ ਪਰਿਵਾਰ ਭੁੱਖਾ ਭਾਣਾ ਬੈਠਾ ਹੈ। ਇਹ ਇਤਲਾਹ ਮਿਲਣ ਤੇ ਪੁਲਿਸ ਦੇ ਸਬੰਧਿਤ ਅਧਿਕਾਰੀਆ ਵੱਲੋਂ ਲੋੜੀਦਾ ਰਾਸ਼ਨ  ਲੈ ਕੇ ਤੁਰੰਤ ਦੱਸੇ ਹੋਏ ਪਤੇ ਪਰ ਪਹੁੰਚ ਗਏ, ਪਰ ਮੋਕਾ ਤੇ ਜਾ ਕੇ ਵੇਖਿਆ ਕਿ ਉੱਕਤ ਦੋਸ਼ੀ ਦੇ ਕਮਰੇ ਵਿੱਚੋਂ ਬਦਾਮ, ਆਟਾ, ਦਾਲਾਂ, ਸਬਜੀ ਅਤੇ ਹੋਰ ਕਰਿਆਨੇ ਦਾ ਲੌੜੀਦਾ ਸਮਾਨ ਮੌਜੂਦ ਸੀ। ਇਸ ਦੇ ਬਾਵਜੂਦ ਦੋਸ਼ੀ ਵੱਲੋ ਫੋਨ ਕਰਕੇ ਵਾਧੂ ਰਾਸ਼ਨ ਇਕੱਠਾ ਕਰਨ ਦੀ ਨੀਅਤ ਨਾਲ ਝੂਠ ਬੋਲਣ ਸਬੰਧੀ ਮੁਕੱਦਮਾ ਨੰਬਰ 106 ਮਿਤੀ 12 ਅਪ੍ਰੈਲ 2020 ਅਧੀਨ ਧਾਰਾ 188-182 ਭਾਰਤੀ ਦੰਡ, ਥਾਣਾ ਮੋਤੀ ਨਗਰ, ਲੁਧਿਆਣਾ ਬਰਖਿਲਾਫ. ਪਵਿੱਤਰ ਕੁਮਾਰ ਉਕਤ ਦੇ ਖਿਲਾਫ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। 

Wednesday, December 11, 2019

ਲਟਕਣਬਾਜ਼ੀ ਦੇ ਰਵਈਏ ਮਗਰੋਂ ਪੁਲਿਸ ਵਿਰੁੱਧ ਰੋਹ ਅਤੇ ਰੋਸ ਹੋਰ ਤੇਜ਼

Dec 11, 2019, 4:02 PM
ਹੰਬੜਾਂ ਵਿਖੇ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੀ ਅਰਥੀ ਸਾੜੀ
ਹੰਬੜਾਂ (ਲੁਧਿਆਣਾ11 ਦਸੰਬਰ 2019: (ਲੁਧਿਆਣਾ ਸਕਰੀਨ ਬਿਊਰੋ):: 
ਜਨਤਕ ਆਗੂਆਂ ਦੀ ਰਿਹਾਈ ਨੂੰ ਲੈ ਕੇ ਪੁਲਿਸ ਆਗੂਆਂ ਵੱਲੋਂ ਲਗਾਤਾਰ ਲਟਕਣਬਾਜ਼ੀ ਵਾਲਾ ਰਵਈਆ ਆਪਣੇ ਜਾਣ ਮਗਰੋਂ ਜਨਤਕ ਜੱਥੇਬੰਦੀਆਂ ਇੱਕ ਵਾਰ ਫੇਰ ਤਿੱਖੇ ਰੋਹ ਅਤੇ  ਰੋਸ ਵਿੱਚ ਹਨ। ਪੁਲਿਸ ਅਧਿਕਾਰੀ ਸਮੀਰ ਵਰਮਾ ਏਸੀਪੀ (ਪੱਛਮੀ) ਦੀ ਅਰਥੀ ਸਾੜੇ ਜਾਣ ਨਾਲ ਟਕਰਾਓ ਵਰਗੇ ਹਾਲਾਤ ਵਾਲੀ ਸ਼ੁਰੂਆਤ ਮੁੜ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹਨਾਂ ਜਨਤਕ ਆਗੂਆਂ ਨੇ ਇੱਕ ਨਾਬਾਲਗ ਮਜ਼ਦੂਰ ਲਵਕੁਸ਼ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਦੇ ਵਿਰੋਧ ਵਿੱਚ ਸ਼ਾਂਤਮਈ ਧਰਨਾ ਦਿੱਤਾ ਸੀ। ਅਰਥੀ ਸਾੜਣ ਦੀ ਇਹ ਕਾਰਵਾਈ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਕੀਤੀ ਗਈ। 
ਅੱਜ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਦੀ ਅਰਥੀ ਸਾੜੀ ਗਈ ਅਤੇ ਮੰਗ ਕੀਤੀ ਗਈ ਕਿ 15 ਸਾਲਾਂ ਦੀ ਉਮਰ ਦੇ ਮਜ਼ਦੂਰ ਲਵਕੁਸ਼ ਦੇ ਠੇਕੇਦਾਰ ਵੱਲੋਂ ਕਤਲ ਤੋਂ ਬਾਅਦ ਇਨਸਾਫ਼ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ-ਕਾਰਕੁੰਨਾਂ ਉੱਤੇ ਪਾਏ ਝੂਠੇ ਪੁਲਿਸ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਜੇਲ੍ਹ ’ਚ ਡੱਕੇ ਆਗੂਆਂ-ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਕਾਤਲ ਰਘਬੀਰ ਪਾਸਵਾਨ ਨੂੰ ਸਖਤ ਤੋਂ ਸਖਤ ਸਜਾ ਕਰਾਈ ਜਾਵੇ। ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਲੋਕ ਆਗੂਆਂ-ਕਾਰਕੁੰਨਾਂ ਉੱਤੇ ਪਾਏ ਝੂਠੇ ਕੇਸ ਰੱਦ ਨਹੀਂ ਕੀਤੇ ਗਏ ਤੇ ਰਿਹਾਈ ਨਹੀਂ ਹੋਈ ਤਾਂ 15 ਦਸੰਬਰ ਤੋਂ ਏਸੀਪੀ (ਪੱਛਮੀ) ਸਮੀਰ ਵਰਮਾ ਖਿਲਾਫ਼ ਉਸਦੇ ਦਫਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕੀਤਾ ਜਾਵੇਗਾ।
18 ਨਵੰਬਰ ਨੂੰ ਇਨਸਾਫ਼ ਲਈ ਸੰਘਰਸ਼ ਕਰ ਰਹੇ ਲੋਕਾਂ ਉੱਤੇ ਜ਼ਬਰ ਢਾਹੁਣ, ਲੋਕ ਆਗੂਆਂ-ਕਾਰਕੁੰਨਾਂ ਨੂੰ ਗਿਰਫਤਾਰ ਕਰਨ, ਝੂਠਾ ਪੁਲਿਸ ਕੇਸ ਦਰਜ ਕਰਨ, ਜੇਲ੍ਹੀ ਡੱਕਣ ਦਾ ਦੋਸ਼ੀ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਹੈ। ਇਸੇ ਅਫਸਰ ਨੇ ਹੀ ਸੰਘਰਸ਼ ਕਮੇਟੀ ਨੂੰ ਭਰੋਸਾ ਦਿੱਤਾ ਸੀ ਕਿ ਝੂਠਾ ਪੁਲਿਸ ਕੇਸ ਰੱਦ ਹੋਵੇਗਾ ਤੇ ਲੋਕ ਆਗੂਆਂ-ਕਾਰਕੁੰਨਾਂ ਦੀ ਰਿਹਾਈ ਹੋਵੇਗੀ ਪਰ ਉਸ ਵੱਲੋਂ ਇਸ ਪ੍ਰਕਿਰਿਆ ਨੂੰ ਲਟਕਾਇਆ ਗਿਆ ਹੈ। ਇਸ ਲਈ ਝੂਠਾ ਪੁਲਿਸ ਕੇਸ ਰੱਦ ਕਰਕੇ ਲੋਕ ਆਗੂਆਂ-ਕਾਰਕੁੰਨਾਂ ਦੀ ਤੁਰੰਤ ਰਿਹਾਈ ਦੀ ਪ੍ਰਕਿਰਿਆ ਨੂੰ ਸਿਰੇ ਚਾੜਨਾ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਦੀ ਜਿੰਮੇਵਾਰੀ ਹੈ। ਰਿਹਾਈ ਦੀ ਪ੍ਰਕਿਰਿਆ ਪੂਰਾ ਕਰਨ ਦਾ ਜੋ ਕੰਮ ਕੁੱਝ ਦਿਨਾਂ ਵਿੱਚ ਹੋ ਸਕਦਾ ਸੀ ਉਹ ਕਈ ਹਫਤਿਆਂ ਵਿੱਚ ਵੀ ਸਿਰੇ ਨਹੀਂ ਚਾੜਿਆ ਗਿਆ। ਇਸ ਲਈ ਕੇਸ ਰੱਦ ਨਾ ਹੋਣ ਅਤੇ ਨਾ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਕਮੇਟੀ ਵੱਲੋਂ ਇਸ ਅਫਸਰ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਹੰਬੜਾਂ ਦੇ ਇੱਕ ਪਲਾਈਵੁੱਡ ਕਾਰਖਾਨੇ ਵਿੱਚ ਠੇਕੇਦਾਰ ਰਘਬੀਰ ਪਾਸਵਾਨ ਨੇ ਲਵਕੁਸ਼ ਨਾਂ ਦੇ 15 ਵਰ੍ਹਿਆਂ ਦੇ ਨਾਬਾਲਗ ਮਜ਼ਦੂਰ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਸੀ। ਕਤਲ ਕੇਸ ਦਰਜ ਕਰਕੇ ਕਾਤਲ ਨੂੰ ਜੇਲ੍ਹ ਵਿੱਚ ਡੱਕਣ ਦੀ ਥਾਂ ਏਸੀਪੀ ਸਮੀਰ ਵਰਮਾ ਨੇ ਇਨਸਾਫ਼ਪਸੰਦ ਸੰਘਰਸ਼ਸ਼ੀਲ ਲੋਕਾਂ ਨੂੰ ਹੀ ਝੂਠੇ ਪੁਲਿਸ ਕੇਸ ਵਿੱਚ ਜੇਲ੍ਹੀਂ ਡੱਕਿਆ ਹੋਇਆ ਹੈ। ਇਸ ਖਿਲਾਫ਼ ਲੋਕ ਜੱਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।
ਅੱਜ ਦੇ ਅਰਥੀ ਫੂਕ ਮੁਜ਼ਾਹਰੇ ਨੂੰ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਸੂਰਜ, ਜਸਵੀਰ ਸਿੰਘ ਸੀਰਾ, ਜਸਪ੍ਰੀਤ ਕੌਰ, ਛਿੰਦਰਪਾਲ ਸਿੰਘ, ਕੁਲਵੰਤ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਿਤ ਕੀਤਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਇਸ ਮਸਲੇ ਉੱਤੇ ਅੱਜ ਹੰਬੜਾਂ ਵਿੱਚ ਵੱਖ-ਵੱਖ ਥਾਵਾਂ ਉੱਤੇ ਮੀਟਿੰਗਾਂ ਵੀ ਕਰਵਾਈਆਂ ਗਈਆਂ।  
          ਸੰਘਰਸ਼ ਕਮੇਟੀ ਵਿੱਚ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪਲਸ ਮੰਚ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜਮ ਫਰੰਟ, ਡੀਟੀਐਫ, ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਤੇ ਹੋਰ ਜੱਥੇਬੰਦੀਆਂ ਸ਼ਾਮਲ ਹਨ।

Sunday, March 31, 2019

"ਪੱਤਰਕਾਰ" ਨੂੰ ਕੀਤਾ ਐਸਟੀਐਫ਼ ਦੀ ਪੁਲੀਸ ਨੇ ਗ੍ਰਿਫ਼ਤਾਰ

70 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਵੀ ਦਾਅਵਾ 
ਲੁਧਿਆਣਾ: 31 ਮਾਰਚ 2019: (ਲੁਧਿਆਣਾ ਸਕਰੀਨ ਬਿਊਰੋ)::
ਜੇ ਖਾਕੀ  ਹੋਣ ਦੀਆਂ ਖਬਰਾਂ ਬਾਰ ਬਾਰ ਆਉਂਦੀਆਂ ਸਨ ਤਾਂ ਕਲਮ ਵਾਲਿਆਂ ਦੀਆਂ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਅਸਲੀਅਤ ਭਾਵੇਂ ਕੁਝ ਵੀ ਹੋਵੇ ਪਰ ਫਿਲਹਾਲ ਮਾਮਲਾ ਚਰਚਾ ਵਿੱਚ ਹੈ। ਨਵੀਂ ਖਬਰ ਆਈ ਹੈ ਲੁਧਿਆਣਾ ਤੋਂ। ਬਾਹਰੀ ਸੂਬਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਹਫ਼ਤਾਵਰੀ ਅਖਬਾਰ ਦੇ ਪੱਤਰਕਾਰ ਨੂੰ ਐਸਟੀਐਫ਼ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਨੂੰ ਦੁੱਗਰੀ ਇਲਾਕੇ ’ਚੋਂ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਥਾਣਾ ਦੁੱਗਰੀ ’ਚ ਸੀਆਰਪੀਐਫ਼ ਕਲੋਨੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਉਰਫ਼ ਢਿੱਲੋਂ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਐਤਵਾਰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਐਸਟੀਐਫ਼ ਦੇ ਲੁਧਿਆਣਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਮੁਲਜ਼ਮ ਉਥੋਂ ਲੰਘ ਰਿਹਾ ਸੀ। ਮੁਲਜ਼ਮ ਨੇ ਮੋਟਰਸਾਈਕਲ ਅੱਗੇ ਪ੍ਰੈਸ ਦਾ ਸਟੀਕਰ ਲਾ ਰੱਖਿਆ ਸੀ। ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਪਹਿਲਾਂ ਤਾਂ ਮੁਲਜ਼ਮ ਨੇ ਪੱਤਰਕਾਰੀ ਦਾ ਰੋਅਬ ਝਾੜਿਆ, ਪਰ ਜਦੋਂ ਪੁਲੀਸ ਨੇ ਇੱਕ ਨਾ ਸੁਣੀ ਤਾਂ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਉਹ ਬਾਹਰੀ ਸੂਬਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਦਾ ਸੀ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਦੇ ਕਬਜ਼ੇ ’ਚੋਂ ਇੱਕ ਪਛਾਣ ਪੱਤਰ ਵੀ ਬਰਾਮਦ ਹੋਇਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਅਸਲੀ ਹੈ ਜਾਂ ਫਿਰ ਮੁਲਜ਼ਮ ਨੇ ਜਾਅਲੀ ਬਣਵਾਇਆ ਹੈ। ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿੱਚ ਮੀਡੀਆ ਸੰਗਠਨ ਕੀ ਰੁੱਖ ਅਪਣਾਉਂਦੇ ਹਨ?

Saturday, January 26, 2019

ਰੇਲਵੇ ਸਟੇਸ਼ਨ ਨੇੜੇ ਨੌਕਰ ਨੇ ਹੀ ਕੀਤਾ ਸੀ ਮੱਛੀ ਵਾਲੇ ਬਾਬੇ ਦਾ ਕਤਲ

ਬਾਬੇ ਵੱਲੋਂ ਪੈਸੇ ਨਾ ਦੇਣ ਤੇ ਹੋ ਗਈ ਸੀ ਨੌਕਰ ਦੇ ਬਿਮਾਰ ਲੜਕੇ ਦੇ ਮੌਤ 
ਲੁਧਿਆਣਾ: 25 ਜਨਵਰੀ 2019: (ਲੁਧਿਆਣਾ ਸਕਰੀਨ ਬਿਊਰੋ):: 
ਗਰੀਬ ਅਤੇ ਦੁਖੀ ਇਨਸਾਨ ਜਦੋਂ ਗੁੱਸੇ ਵਿੱਚ ਆਉਂਦਾ ਹੈ ਤਾਂ ਉਹ ਸਾਰੇ ਕਾਇਦੇ ਕਾਨੂੰਨ ਅਤੇ ਅਸੂਲ ਭੁੱਲ ਜਾਂਦਾ ਹੈ। ਲੁਧਿਆਣਾ ਦੇ ਪੁਰਾਣੇ ਸ਼ਹਿਰ ਵਿੱਚ ਹੋਇਆ ਮੱਛੀ ਵਾਲੇ ਦਾ ਕਤਲ ਇੱਕ ਵਾਰ ਫੇਰ ਇਸ ਗੱਲ ਦੀ ਹੀ ਪੁਸ਼ਟੀ ਕਰਦਾ ਹੈ। ਇਸ ਮਾਮਲੇ ਦੀ ਹਕੀਕਤ ਸਾਹਮਣੇ ਆਉਣ ਨਾਲ ਇਸ ਗੱਲ ਦੀ ਇੱਕ ਵਾਰ ਫੇਰ ਪੁਸ਼ਟੀ ਹੋ ਗਈ ਹੈ ਕਿ ਆਰਥਿਕ ਤੰਗੀਆਂ ਵੀ ਲੁੱਕੀਆਂ ਹੁੰਦੀਆਂ ਹਨ ਕਤਲ ਵਰਗੇ ਜੁਰਮਾਂ ਪਿਛੇ।  
ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਇਸ ਕਤਲ ਵਾਲੇ ਜੁਰਮ ਦੀ ਵੀ ਪੁਸ਼ਟੀ ਹੋ ਗਈ ਹੈ। ਰੇਲਵੇ ਸਟੇਸ਼ਨ ਦੇ ਬਾਹਰ ਮੱਛੀ ਵੇਚਣ ਵਾਲੇ ਵਿਅਕਤੀ ਨੂੰ ਉਸ ਦੇ ਪੁਰਾਣੇ ਨੌਕਰ ਨੇ ਹੀ ਮੌਤ ਦੇ ਘਾਟ ਉਤਾਰਿਆ ਸੀ। ਮੱਛੀ ਵੇਚਣ ਵਾਲੇ ਬਾਬਾ ਦੀ ਮੌਤ ਦੇ ਪਿੱਛੇ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ। ਇਹ ਮਿਹਨਤ ਦੀ ਕਮਾਈ ਦੇ ਉਹ ਪੈਸੇ ਸਨ ਜਿਹੜੇ ਬਾਬੇ ਕੋਲ ਕੰਮ ਕਰਦੇ ਨੌਕਰ ਨੂੰ ਉਸ ਵੇਲੇ ਵੀ ਨਹੀਂ ਮਿਲੇ ਜਦੋਂ ਉਸਦਾ ਮੁੰਡਾ ਸਖਤ ਬਿਮਾਰ ਸੀ। ਵੇਲੇ ਸਿਰ ਇਲਾਜ ਨਾ ਹੋ ਸਕਣ ਕਾਰਨ ਉਸਦਾ ਲੜਕਾ ਮੌਤ ਦਾ ਸ਼ਿਕਾਰ ਹੋ ਗਿਆ। ਉਸ ਵੇਲੇ ਤੋਂ ਹੀ ਉਹ ਨੌਕਰ ਗੁੱਸੇ ਵਿੱਚ ਸੀ। 
ਕੋਤਵਾਲੀ ਦੀ ਪੁਲੀਸ ਨੇ ਮੱਛੀ ਵਾਲੇ ਬਾਬੇ ਦੇ ਕਤਲ ਅਮਲ ਸੁਲਝਾ ਲਿਆ ਹੈ। ਇਸ ਮਾਮਲੇ ’ਚ ਉਸ ਦੇ ਪੁਰਾਣੇ ਨੌਕਰ ਨੂੰ ਮੁਹੱਲਾ ਪੀਰੂਬੰਦਾ ਵਾਸੀ ਬੁਟੇਲੀ ਰਾਮ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਮੂਲ ਰੂਪ ’ਚ ਬਿਹਾਰ ਦੇ ਜ਼ਿਲੇ ਦਰਬੰਗਾ ਸਥਿਤ ਪਿੰਡ ਦੁਗਲੀ ਧਾਮ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮੁਲਜ਼ਮ ਨੂੰ ਰੇਲਵੇ ਸਟੇਸ਼ਨ ਤੋਂ ਗਿਰਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਸ਼ੁੱਕਰਵਾਰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਇਸ ਸਬੰਧੀ ਪੱਤਰਕਾਰ ਮਿਲਣੀ ਦੌਰਾਨ ਏਡੀਸੀਪੀ-1 ਗੁਰਪਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਮੁਲਜ਼ਮ ਬੁਟੇਲੀ ਰਾਮ ਪਹਿਲਾਂ ਮੱਛੀ ਵਾਲੇ ਬਾਬੇ ਦੇ ਕੋਲ ਹੀ ਕੰਮ ਕਰਦਾ ਸੀ। ਉਸ ਦਾ ਇਸਬਾਬੇ  ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ। ਉਸ ਨੇ ਪੈਸੇ ਮੰਗੇ ਸਨ ਪਰ ਬਾਬੇ ਨੇ ਉਸ ਨੂੰ ਪੈਸੇ ਨਹੀਂ ਦਿੱਤੇ। ਇਹ ਗੱਲ ਲੋਹੜੇ ਵਾਲੇ ਦਿਨਾਂ ਦੀ ਹੈ।  ਲੋਹੜੀ ਵਾਲੇ ਦਿਨ ਉਸ ਦਾ ਲੜਕਾ ਬੀਮਾਰ ਹੋ ਗਿਆ। ਉਹ ਇੱਕ ਵਾਰ ਫਿਰ ਬਾਬੇ ਕੋਲ ਗਿਆ ਤੇ ਪੈਸੇ ਮੰਗੇ, ਕਿਉਂਕਿ ਉਸ ਨੂੰ ਇਲਾਜ ਲਈ ਪੈਸੇ ਚਾਹੀਦੇ ਸਨ ਪਰ ਬਾਬੇ ਨੇ ਫਿਰ ਕੋਰਾ ਜੁਆਬ ਦੇ ਦਿੱਤਾ। ਇਸਦਾ ਸਿੱਟਾ ਬਹੁਤ ਬੁਰਾ ਨਿਕਲਿਆ। ਇਲਾਜ ਨਾ ਹੋ ਸਕਣ ਕਾਰਨ ਬੁਟੇਲੀ ਰਾਮ ਦੇ ਲੜਕੇ ਦੀ ਮੌਤ ਹੋ ਗਈ ਜਿਸ ਕਾਰਨ ਉਹ ਮੱਛੀ ਵਾਲੇ ਬਾਬੇ ਨਾਲ ਰੰਜਿਸ਼ ਰੱਖਣ ਲੱਗ ਪਿਆ।  ਉਸ ਨੇ ਬਾਬੇ ਨੂੰ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਬਣਾਈ। ਇਹ ਸ਼ਾਇਦ ਆਪਣੇ ਲੜਕੇ ਦੀ ਮੌਤ ਦਾ ਬਦਲਾ ਲੈਣ ਦੀ ਮੁਰਿਮਾਣਾ ਕੋਸ਼ਿਸ਼ ਸੀ। ਇਸ ਮਕਸਦ ਲਈ ਉਹ ਮੌਕੇ ਦੀ ਭਾਲ ਵਿੱਚ ਸੀ। ਫਿਰ 21 ਜਨਵਰੀ ਦੀ ਰਾਤ ਨੂੰ ਮੀਂਹ ਕਾਫ਼ੀ ਸੀ ਤਾਂ ਬਾਬੇ ਨੇ ਦੁਕਾਨ ਜਲਦੀ ਬੰਦ ਕਰ ਦਿੱਤੀ ਸੀ ਤੇ ਕੋਲ ਹੀ ਫੁੱਟਪਾਥ ’ਤੇ ਸੌਂ ਗਿਆ ਸੀ। ਇਸੇ ਦੌਰਾਨ ਬੁਟੇਲੀ ਰਾਮ ਨੇ ਮੌਕਾ ਦੇਖ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਬੁਟੇਲੀ ਰਾਮ ਨੇ ਉਸ ਦੀ ਲਾਸ਼ ’ਤੇ ਕੱਪੜਾ ਪਾਇਆ ਤੇ ਫ਼ਰਾਰ ਹੋ ਗਿਆ। ਅਗਲੇ ਦਿਨ ਤੱਕ ਵੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਜਦੋਂ ਪੁਲੀਸ ਨੇ ਇਸ ਮਾਮਲੇ ’ਚ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਫਿਰ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ। ਪੁਲੀਸ ਨੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ।