Sunday, March 31, 2019

"ਪੱਤਰਕਾਰ" ਨੂੰ ਕੀਤਾ ਐਸਟੀਐਫ਼ ਦੀ ਪੁਲੀਸ ਨੇ ਗ੍ਰਿਫ਼ਤਾਰ

70 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਵੀ ਦਾਅਵਾ 
ਲੁਧਿਆਣਾ: 31 ਮਾਰਚ 2019: (ਲੁਧਿਆਣਾ ਸਕਰੀਨ ਬਿਊਰੋ)::
ਜੇ ਖਾਕੀ  ਹੋਣ ਦੀਆਂ ਖਬਰਾਂ ਬਾਰ ਬਾਰ ਆਉਂਦੀਆਂ ਸਨ ਤਾਂ ਕਲਮ ਵਾਲਿਆਂ ਦੀਆਂ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਅਸਲੀਅਤ ਭਾਵੇਂ ਕੁਝ ਵੀ ਹੋਵੇ ਪਰ ਫਿਲਹਾਲ ਮਾਮਲਾ ਚਰਚਾ ਵਿੱਚ ਹੈ। ਨਵੀਂ ਖਬਰ ਆਈ ਹੈ ਲੁਧਿਆਣਾ ਤੋਂ। ਬਾਹਰੀ ਸੂਬਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਹਫ਼ਤਾਵਰੀ ਅਖਬਾਰ ਦੇ ਪੱਤਰਕਾਰ ਨੂੰ ਐਸਟੀਐਫ਼ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਨੂੰ ਦੁੱਗਰੀ ਇਲਾਕੇ ’ਚੋਂ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਥਾਣਾ ਦੁੱਗਰੀ ’ਚ ਸੀਆਰਪੀਐਫ਼ ਕਲੋਨੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਉਰਫ਼ ਢਿੱਲੋਂ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਐਤਵਾਰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਐਸਟੀਐਫ਼ ਦੇ ਲੁਧਿਆਣਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਮੁਲਜ਼ਮ ਉਥੋਂ ਲੰਘ ਰਿਹਾ ਸੀ। ਮੁਲਜ਼ਮ ਨੇ ਮੋਟਰਸਾਈਕਲ ਅੱਗੇ ਪ੍ਰੈਸ ਦਾ ਸਟੀਕਰ ਲਾ ਰੱਖਿਆ ਸੀ। ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਪਹਿਲਾਂ ਤਾਂ ਮੁਲਜ਼ਮ ਨੇ ਪੱਤਰਕਾਰੀ ਦਾ ਰੋਅਬ ਝਾੜਿਆ, ਪਰ ਜਦੋਂ ਪੁਲੀਸ ਨੇ ਇੱਕ ਨਾ ਸੁਣੀ ਤਾਂ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਉਹ ਬਾਹਰੀ ਸੂਬਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਦਾ ਸੀ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਦੇ ਕਬਜ਼ੇ ’ਚੋਂ ਇੱਕ ਪਛਾਣ ਪੱਤਰ ਵੀ ਬਰਾਮਦ ਹੋਇਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਅਸਲੀ ਹੈ ਜਾਂ ਫਿਰ ਮੁਲਜ਼ਮ ਨੇ ਜਾਅਲੀ ਬਣਵਾਇਆ ਹੈ। ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿੱਚ ਮੀਡੀਆ ਸੰਗਠਨ ਕੀ ਰੁੱਖ ਅਪਣਾਉਂਦੇ ਹਨ?

No comments:

Post a Comment