Saturday, January 26, 2019

ਰੇਲਵੇ ਸਟੇਸ਼ਨ ਨੇੜੇ ਨੌਕਰ ਨੇ ਹੀ ਕੀਤਾ ਸੀ ਮੱਛੀ ਵਾਲੇ ਬਾਬੇ ਦਾ ਕਤਲ

ਬਾਬੇ ਵੱਲੋਂ ਪੈਸੇ ਨਾ ਦੇਣ ਤੇ ਹੋ ਗਈ ਸੀ ਨੌਕਰ ਦੇ ਬਿਮਾਰ ਲੜਕੇ ਦੇ ਮੌਤ 
ਲੁਧਿਆਣਾ: 25 ਜਨਵਰੀ 2019: (ਲੁਧਿਆਣਾ ਸਕਰੀਨ ਬਿਊਰੋ):: 
ਗਰੀਬ ਅਤੇ ਦੁਖੀ ਇਨਸਾਨ ਜਦੋਂ ਗੁੱਸੇ ਵਿੱਚ ਆਉਂਦਾ ਹੈ ਤਾਂ ਉਹ ਸਾਰੇ ਕਾਇਦੇ ਕਾਨੂੰਨ ਅਤੇ ਅਸੂਲ ਭੁੱਲ ਜਾਂਦਾ ਹੈ। ਲੁਧਿਆਣਾ ਦੇ ਪੁਰਾਣੇ ਸ਼ਹਿਰ ਵਿੱਚ ਹੋਇਆ ਮੱਛੀ ਵਾਲੇ ਦਾ ਕਤਲ ਇੱਕ ਵਾਰ ਫੇਰ ਇਸ ਗੱਲ ਦੀ ਹੀ ਪੁਸ਼ਟੀ ਕਰਦਾ ਹੈ। ਇਸ ਮਾਮਲੇ ਦੀ ਹਕੀਕਤ ਸਾਹਮਣੇ ਆਉਣ ਨਾਲ ਇਸ ਗੱਲ ਦੀ ਇੱਕ ਵਾਰ ਫੇਰ ਪੁਸ਼ਟੀ ਹੋ ਗਈ ਹੈ ਕਿ ਆਰਥਿਕ ਤੰਗੀਆਂ ਵੀ ਲੁੱਕੀਆਂ ਹੁੰਦੀਆਂ ਹਨ ਕਤਲ ਵਰਗੇ ਜੁਰਮਾਂ ਪਿਛੇ।  
ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਇਸ ਕਤਲ ਵਾਲੇ ਜੁਰਮ ਦੀ ਵੀ ਪੁਸ਼ਟੀ ਹੋ ਗਈ ਹੈ। ਰੇਲਵੇ ਸਟੇਸ਼ਨ ਦੇ ਬਾਹਰ ਮੱਛੀ ਵੇਚਣ ਵਾਲੇ ਵਿਅਕਤੀ ਨੂੰ ਉਸ ਦੇ ਪੁਰਾਣੇ ਨੌਕਰ ਨੇ ਹੀ ਮੌਤ ਦੇ ਘਾਟ ਉਤਾਰਿਆ ਸੀ। ਮੱਛੀ ਵੇਚਣ ਵਾਲੇ ਬਾਬਾ ਦੀ ਮੌਤ ਦੇ ਪਿੱਛੇ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ। ਇਹ ਮਿਹਨਤ ਦੀ ਕਮਾਈ ਦੇ ਉਹ ਪੈਸੇ ਸਨ ਜਿਹੜੇ ਬਾਬੇ ਕੋਲ ਕੰਮ ਕਰਦੇ ਨੌਕਰ ਨੂੰ ਉਸ ਵੇਲੇ ਵੀ ਨਹੀਂ ਮਿਲੇ ਜਦੋਂ ਉਸਦਾ ਮੁੰਡਾ ਸਖਤ ਬਿਮਾਰ ਸੀ। ਵੇਲੇ ਸਿਰ ਇਲਾਜ ਨਾ ਹੋ ਸਕਣ ਕਾਰਨ ਉਸਦਾ ਲੜਕਾ ਮੌਤ ਦਾ ਸ਼ਿਕਾਰ ਹੋ ਗਿਆ। ਉਸ ਵੇਲੇ ਤੋਂ ਹੀ ਉਹ ਨੌਕਰ ਗੁੱਸੇ ਵਿੱਚ ਸੀ। 
ਕੋਤਵਾਲੀ ਦੀ ਪੁਲੀਸ ਨੇ ਮੱਛੀ ਵਾਲੇ ਬਾਬੇ ਦੇ ਕਤਲ ਅਮਲ ਸੁਲਝਾ ਲਿਆ ਹੈ। ਇਸ ਮਾਮਲੇ ’ਚ ਉਸ ਦੇ ਪੁਰਾਣੇ ਨੌਕਰ ਨੂੰ ਮੁਹੱਲਾ ਪੀਰੂਬੰਦਾ ਵਾਸੀ ਬੁਟੇਲੀ ਰਾਮ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਮੂਲ ਰੂਪ ’ਚ ਬਿਹਾਰ ਦੇ ਜ਼ਿਲੇ ਦਰਬੰਗਾ ਸਥਿਤ ਪਿੰਡ ਦੁਗਲੀ ਧਾਮ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮੁਲਜ਼ਮ ਨੂੰ ਰੇਲਵੇ ਸਟੇਸ਼ਨ ਤੋਂ ਗਿਰਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਸ਼ੁੱਕਰਵਾਰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਇਸ ਸਬੰਧੀ ਪੱਤਰਕਾਰ ਮਿਲਣੀ ਦੌਰਾਨ ਏਡੀਸੀਪੀ-1 ਗੁਰਪਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਮੁਲਜ਼ਮ ਬੁਟੇਲੀ ਰਾਮ ਪਹਿਲਾਂ ਮੱਛੀ ਵਾਲੇ ਬਾਬੇ ਦੇ ਕੋਲ ਹੀ ਕੰਮ ਕਰਦਾ ਸੀ। ਉਸ ਦਾ ਇਸਬਾਬੇ  ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ। ਉਸ ਨੇ ਪੈਸੇ ਮੰਗੇ ਸਨ ਪਰ ਬਾਬੇ ਨੇ ਉਸ ਨੂੰ ਪੈਸੇ ਨਹੀਂ ਦਿੱਤੇ। ਇਹ ਗੱਲ ਲੋਹੜੇ ਵਾਲੇ ਦਿਨਾਂ ਦੀ ਹੈ।  ਲੋਹੜੀ ਵਾਲੇ ਦਿਨ ਉਸ ਦਾ ਲੜਕਾ ਬੀਮਾਰ ਹੋ ਗਿਆ। ਉਹ ਇੱਕ ਵਾਰ ਫਿਰ ਬਾਬੇ ਕੋਲ ਗਿਆ ਤੇ ਪੈਸੇ ਮੰਗੇ, ਕਿਉਂਕਿ ਉਸ ਨੂੰ ਇਲਾਜ ਲਈ ਪੈਸੇ ਚਾਹੀਦੇ ਸਨ ਪਰ ਬਾਬੇ ਨੇ ਫਿਰ ਕੋਰਾ ਜੁਆਬ ਦੇ ਦਿੱਤਾ। ਇਸਦਾ ਸਿੱਟਾ ਬਹੁਤ ਬੁਰਾ ਨਿਕਲਿਆ। ਇਲਾਜ ਨਾ ਹੋ ਸਕਣ ਕਾਰਨ ਬੁਟੇਲੀ ਰਾਮ ਦੇ ਲੜਕੇ ਦੀ ਮੌਤ ਹੋ ਗਈ ਜਿਸ ਕਾਰਨ ਉਹ ਮੱਛੀ ਵਾਲੇ ਬਾਬੇ ਨਾਲ ਰੰਜਿਸ਼ ਰੱਖਣ ਲੱਗ ਪਿਆ।  ਉਸ ਨੇ ਬਾਬੇ ਨੂੰ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਬਣਾਈ। ਇਹ ਸ਼ਾਇਦ ਆਪਣੇ ਲੜਕੇ ਦੀ ਮੌਤ ਦਾ ਬਦਲਾ ਲੈਣ ਦੀ ਮੁਰਿਮਾਣਾ ਕੋਸ਼ਿਸ਼ ਸੀ। ਇਸ ਮਕਸਦ ਲਈ ਉਹ ਮੌਕੇ ਦੀ ਭਾਲ ਵਿੱਚ ਸੀ। ਫਿਰ 21 ਜਨਵਰੀ ਦੀ ਰਾਤ ਨੂੰ ਮੀਂਹ ਕਾਫ਼ੀ ਸੀ ਤਾਂ ਬਾਬੇ ਨੇ ਦੁਕਾਨ ਜਲਦੀ ਬੰਦ ਕਰ ਦਿੱਤੀ ਸੀ ਤੇ ਕੋਲ ਹੀ ਫੁੱਟਪਾਥ ’ਤੇ ਸੌਂ ਗਿਆ ਸੀ। ਇਸੇ ਦੌਰਾਨ ਬੁਟੇਲੀ ਰਾਮ ਨੇ ਮੌਕਾ ਦੇਖ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਬੁਟੇਲੀ ਰਾਮ ਨੇ ਉਸ ਦੀ ਲਾਸ਼ ’ਤੇ ਕੱਪੜਾ ਪਾਇਆ ਤੇ ਫ਼ਰਾਰ ਹੋ ਗਿਆ। ਅਗਲੇ ਦਿਨ ਤੱਕ ਵੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਜਦੋਂ ਪੁਲੀਸ ਨੇ ਇਸ ਮਾਮਲੇ ’ਚ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਫਿਰ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ। ਪੁਲੀਸ ਨੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ।

No comments:

Post a Comment