Saturday, January 26, 2019

ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੀ ਵਧਾਈ

ਭਗਤੀ ਵਿੱਚ ਹੀ ਸ਼ਕਤੀ ਹੁੰਦੀ ਹੈ--ਇਸ ਰਾਜ਼ ਨੂੰ ਪਛਾਣੋ 
ਅੰਮ੍ਰਿਤਸਰ//ਲੁਧਿਆਣਾ: 25 ਜਨਵਰੀ 2019: (ਲੁਧਿਆਣਾ ਸਕਰੀਨ ਬਿਊਰੋ)::
ਅਹਿਮਦ ਸ਼ਾਹ ਦੁਰਾਨੀ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ। ਹਿੰਦੋਸਤਾਨ ਉੱਪਰ ਆਪਣੇ 1757 ਈ: ਦੇ  ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਉਹ ਕੁਝ ਦੇਰ ਲਈ ਲਾਹੌਰ ਵੀ ਠਹਿਰਿਆ। ਆਪਣੇ ਉਸ ਠਹਿਰਾਓ ਦੌਰਾਨ ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਵੀ ਅੰਨੇਵਾਹ ਢਾਹਿਆ। ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਮਾਲ ਖਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ 'ਤੇ ਪੁੱਜੀ ਤਾਂ ਆਪ ਦੇ ਦਿਲ 'ਤੇ ਅਸਹਿ ਸੱਟ ਵੱਜੀ। ਆਪ ਉਸੇ ਵੇਲੇ ਜੋਸ਼ ਗਏ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਇਹ ਫੈਸਲਾ ਕੋਈ ਆਸਾਂ ਨਹੀਂ ਸੀ। ਜਾਬਰਾਂ ਦੀ ਸ਼ਕਤੀ ਬਹੁਤ ਜ਼ਿਆਦਾ ਵਧੀ ਹੋਈ ਸੀ। ਇਸ ਸਭ ਦੇ ਬਾਵਜੂਦ ਆਪ ਜੀ ਇਸ ਫੈਸਲੇ ਉੱਤੇ ਅਮਲ ਕਰਨ ਦਾ ਸੰਕਲਪ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ 'ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ। ਇਹ ਇੱਕ ਸ਼ਕਤੀ ਸੀ ਜਿਹੜੀ ਭਗਤੀ ਨਾਲ ਮਿਲੀ ਸੀ। ਅਧਿਐਨ ਨਾਲ ਮਿਲੀ ਸੀ। 
ਅੱਜ ਫਿਰ ਬਾਬਾ ਦੀਪ ਸਿੰਘ ਦੀ ਲੋੜ ਹੈ। ਉਸ ਸਿਆਣਪ ਦੀ ਲੋੜ ਹੈ। ਉਸ ਸ਼ਕਤੀ ਦੀ ਲੋੜ ਹੈ। ਇਸ ਪਾਵਨ ਦਿਨ ਦੇ ਮੌਕੇ 'ਤੇ ਅਸੀਂ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਜਨਮਦਿਨ ਦੀ ਵਧਾਈ ਦੇਂਦਿਆਂ  ਅਪੀਲ ਕਰਦੇ ਹਾਂ ਕਿ ਉਹ ਬਾਬਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਭਗਤੀ ਕਰਨ।  ਇਸ ਭਗਤੀ ਨਾਲ ਹੀ ਜ਼ਿੰਦਗੀ ਦੀ ਜੰਗ ਜਿੱਤਣ ਵਾਲੀ ਸ਼ਕਤੀ ਨਸੀਬ ਹੋਵੇਗੀ। 

No comments:

Post a Comment