Dec 11, 2019, 4:02 PM
ਹੰਬੜਾਂ ਵਿਖੇ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੀ ਅਰਥੀ ਸਾੜੀ
ਹੰਬੜਾਂ (ਲੁਧਿਆਣਾ) 11 ਦਸੰਬਰ 2019: (ਲੁਧਿਆਣਾ ਸਕਰੀਨ ਬਿਊਰੋ)::
ਜਨਤਕ ਆਗੂਆਂ ਦੀ ਰਿਹਾਈ ਨੂੰ ਲੈ ਕੇ ਪੁਲਿਸ ਆਗੂਆਂ ਵੱਲੋਂ ਲਗਾਤਾਰ ਲਟਕਣਬਾਜ਼ੀ ਵਾਲਾ ਰਵਈਆ ਆਪਣੇ ਜਾਣ ਮਗਰੋਂ ਜਨਤਕ ਜੱਥੇਬੰਦੀਆਂ ਇੱਕ ਵਾਰ ਫੇਰ ਤਿੱਖੇ ਰੋਹ ਅਤੇ ਰੋਸ ਵਿੱਚ ਹਨ। ਪੁਲਿਸ ਅਧਿਕਾਰੀ ਸਮੀਰ ਵਰਮਾ ਏਸੀਪੀ (ਪੱਛਮੀ) ਦੀ ਅਰਥੀ ਸਾੜੇ ਜਾਣ ਨਾਲ ਟਕਰਾਓ ਵਰਗੇ ਹਾਲਾਤ ਵਾਲੀ ਸ਼ੁਰੂਆਤ ਮੁੜ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹਨਾਂ ਜਨਤਕ ਆਗੂਆਂ ਨੇ ਇੱਕ ਨਾਬਾਲਗ ਮਜ਼ਦੂਰ ਲਵਕੁਸ਼ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਦੇ ਵਿਰੋਧ ਵਿੱਚ ਸ਼ਾਂਤਮਈ ਧਰਨਾ ਦਿੱਤਾ ਸੀ। ਅਰਥੀ ਸਾੜਣ ਦੀ ਇਹ ਕਾਰਵਾਈ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਕੀਤੀ ਗਈ।
ਅੱਜ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਦੀ ਅਰਥੀ ਸਾੜੀ ਗਈ ਅਤੇ ਮੰਗ ਕੀਤੀ ਗਈ ਕਿ 15 ਸਾਲਾਂ ਦੀ ਉਮਰ ਦੇ ਮਜ਼ਦੂਰ ਲਵਕੁਸ਼ ਦੇ ਠੇਕੇਦਾਰ ਵੱਲੋਂ ਕਤਲ ਤੋਂ ਬਾਅਦ ਇਨਸਾਫ਼ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ-ਕਾਰਕੁੰਨਾਂ ਉੱਤੇ ਪਾਏ ਝੂਠੇ ਪੁਲਿਸ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਜੇਲ੍ਹ ’ਚ ਡੱਕੇ ਆਗੂਆਂ-ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਕਾਤਲ ਰਘਬੀਰ ਪਾਸਵਾਨ ਨੂੰ ਸਖਤ ਤੋਂ ਸਖਤ ਸਜਾ ਕਰਾਈ ਜਾਵੇ। ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਲੋਕ ਆਗੂਆਂ-ਕਾਰਕੁੰਨਾਂ ਉੱਤੇ ਪਾਏ ਝੂਠੇ ਕੇਸ ਰੱਦ ਨਹੀਂ ਕੀਤੇ ਗਏ ਤੇ ਰਿਹਾਈ ਨਹੀਂ ਹੋਈ ਤਾਂ 15 ਦਸੰਬਰ ਤੋਂ ਏਸੀਪੀ (ਪੱਛਮੀ) ਸਮੀਰ ਵਰਮਾ ਖਿਲਾਫ਼ ਉਸਦੇ ਦਫਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕੀਤਾ ਜਾਵੇਗਾ।
18 ਨਵੰਬਰ ਨੂੰ ਇਨਸਾਫ਼ ਲਈ ਸੰਘਰਸ਼ ਕਰ ਰਹੇ ਲੋਕਾਂ ਉੱਤੇ ਜ਼ਬਰ ਢਾਹੁਣ, ਲੋਕ ਆਗੂਆਂ-ਕਾਰਕੁੰਨਾਂ ਨੂੰ ਗਿਰਫਤਾਰ ਕਰਨ, ਝੂਠਾ ਪੁਲਿਸ ਕੇਸ ਦਰਜ ਕਰਨ, ਜੇਲ੍ਹੀ ਡੱਕਣ ਦਾ ਦੋਸ਼ੀ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਹੈ। ਇਸੇ ਅਫਸਰ ਨੇ ਹੀ ਸੰਘਰਸ਼ ਕਮੇਟੀ ਨੂੰ ਭਰੋਸਾ ਦਿੱਤਾ ਸੀ ਕਿ ਝੂਠਾ ਪੁਲਿਸ ਕੇਸ ਰੱਦ ਹੋਵੇਗਾ ਤੇ ਲੋਕ ਆਗੂਆਂ-ਕਾਰਕੁੰਨਾਂ ਦੀ ਰਿਹਾਈ ਹੋਵੇਗੀ ਪਰ ਉਸ ਵੱਲੋਂ ਇਸ ਪ੍ਰਕਿਰਿਆ ਨੂੰ ਲਟਕਾਇਆ ਗਿਆ ਹੈ। ਇਸ ਲਈ ਝੂਠਾ ਪੁਲਿਸ ਕੇਸ ਰੱਦ ਕਰਕੇ ਲੋਕ ਆਗੂਆਂ-ਕਾਰਕੁੰਨਾਂ ਦੀ ਤੁਰੰਤ ਰਿਹਾਈ ਦੀ ਪ੍ਰਕਿਰਿਆ ਨੂੰ ਸਿਰੇ ਚਾੜਨਾ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਦੀ ਜਿੰਮੇਵਾਰੀ ਹੈ। ਰਿਹਾਈ ਦੀ ਪ੍ਰਕਿਰਿਆ ਪੂਰਾ ਕਰਨ ਦਾ ਜੋ ਕੰਮ ਕੁੱਝ ਦਿਨਾਂ ਵਿੱਚ ਹੋ ਸਕਦਾ ਸੀ ਉਹ ਕਈ ਹਫਤਿਆਂ ਵਿੱਚ ਵੀ ਸਿਰੇ ਨਹੀਂ ਚਾੜਿਆ ਗਿਆ। ਇਸ ਲਈ ਕੇਸ ਰੱਦ ਨਾ ਹੋਣ ਅਤੇ ਨਾ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਕਮੇਟੀ ਵੱਲੋਂ ਇਸ ਅਫਸਰ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਹੰਬੜਾਂ ਦੇ ਇੱਕ ਪਲਾਈਵੁੱਡ ਕਾਰਖਾਨੇ ਵਿੱਚ ਠੇਕੇਦਾਰ ਰਘਬੀਰ ਪਾਸਵਾਨ ਨੇ ਲਵਕੁਸ਼ ਨਾਂ ਦੇ 15 ਵਰ੍ਹਿਆਂ ਦੇ ਨਾਬਾਲਗ ਮਜ਼ਦੂਰ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਸੀ। ਕਤਲ ਕੇਸ ਦਰਜ ਕਰਕੇ ਕਾਤਲ ਨੂੰ ਜੇਲ੍ਹ ਵਿੱਚ ਡੱਕਣ ਦੀ ਥਾਂ ਏਸੀਪੀ ਸਮੀਰ ਵਰਮਾ ਨੇ ਇਨਸਾਫ਼ਪਸੰਦ ਸੰਘਰਸ਼ਸ਼ੀਲ ਲੋਕਾਂ ਨੂੰ ਹੀ ਝੂਠੇ ਪੁਲਿਸ ਕੇਸ ਵਿੱਚ ਜੇਲ੍ਹੀਂ ਡੱਕਿਆ ਹੋਇਆ ਹੈ। ਇਸ ਖਿਲਾਫ਼ ਲੋਕ ਜੱਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।
ਅੱਜ ਦੇ ਅਰਥੀ ਫੂਕ ਮੁਜ਼ਾਹਰੇ ਨੂੰ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਸੂਰਜ, ਜਸਵੀਰ ਸਿੰਘ ਸੀਰਾ, ਜਸਪ੍ਰੀਤ ਕੌਰ, ਛਿੰਦਰਪਾਲ ਸਿੰਘ, ਕੁਲਵੰਤ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਿਤ ਕੀਤਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਇਸ ਮਸਲੇ ਉੱਤੇ ਅੱਜ ਹੰਬੜਾਂ ਵਿੱਚ ਵੱਖ-ਵੱਖ ਥਾਵਾਂ ਉੱਤੇ ਮੀਟਿੰਗਾਂ ਵੀ ਕਰਵਾਈਆਂ ਗਈਆਂ।
ਸੰਘਰਸ਼ ਕਮੇਟੀ ਵਿੱਚ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪਲਸ ਮੰਚ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜਮ ਫਰੰਟ, ਡੀਟੀਐਫ, ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਤੇ ਹੋਰ ਜੱਥੇਬੰਦੀਆਂ ਸ਼ਾਮਲ ਹਨ।
No comments:
Post a Comment