ਸੀਪੀਆਈ ਲੁਧਿਆਣਾ ਦੀ ਸਲੇਮ ਟਾਬਰੀ ਬਰਾਂਚ ਨੇ ਆਖ਼ਿਰੀ ਦੌਰ ਵਿੱਚ ਕੀਤਾ ਤੂਫ਼ਾਨੀ ਪ੍ਰਚਾਰ
ਵੱਡੇ ਫ਼ਰਕ ਨਾਲ ਜਿਤਾਵਾਂਗੇ:ਕਾਮਰੇਡ ਮਨਜੀਤ ਸਿੰਘ ਬੂਟਾ
ਲੁਧਿਆਣਾ: 18 ਮਈ 2019: (ਲੁਧਿਆਣਾ ਸਕਰੀਨ ਆਨਲਾਈਨ)::
ਚੋਣਾਂ ਦੇ ਬਹਾਨੇ ਇਨਕਲਾਬ ਦੀ ਹਨੇਰੀ ਲੁਧਿਆਣਾ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਦਸਤਕ ਦੇ ਰਹੀ ਹੈ। ਨਾਅਰੇ ਫਿਰ ਗੂੰਜ ਰਹੇ ਹਨ-ਨਿਕਲੋ ਬਾਹਰ ਮਕਾਨੋਂ ਸੇ-ਜੰਗ ਲੜੋ ਬੇਈਮਾਨੋਂ ਸੇ। ਜਦੋਂ ਸਿਮਰਜੀਤ ਸਿੰਘ ਬੈਂਸ ਦੇ ਕਾਫ਼ਿਲੇ ਨਾਲ ਜਿੰਗਲ ਗੀਤ ਦੀ ਲਾਜਵਾਬ ਧੁੰਨ ਨਾਲ ਸ਼ਬਦ ਗੂੰਜਦੇ ਹਨ-"ਅਪਨਾ ਬੈਂਸ ਆਏਗਾ--ਅਪਨਾ ਬੈਂਸ ਆਏਗਾ" ਤਾਂ ਲੋਕਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਦਾ ਹੈ-ਇਨਕਲਾਬ ਆਏਗਾ-ਅਬ ਇਨਕਲਾਬ ਆਏਗਾ।
ਦੱਬੇ ਕੁਚਲੇ ਅਤੇ ਸਹਿਮੇ ਹੋਏ ਲੋਕਾਂ ਨੂੰ ਪੰਜਾਬ ਜਮਹੂਰੀ ਗਠਜੋੜ ਹੁਣ ਸਾਰੇ ਰੋਗਾਂ ਦੀ ਦਵਾ ਵਾਂਗ ਬਹੁੜਿਆ ਹੈ। ਸਿਆਸਤਦਾਨਾਂ ਤੋਂ ਅੱਕ ਅਤੇ ਥੱਕ ਚੁੱਕੇ ਲੋਕ ਹੁਣ ਫੇਰ ਉਮੀਦ ਕਰ ਰਹੇ ਹਨ "ਪੰਜਾਬ ਡੈਮੋਕਰੇਟਿਕ ਅਲਾਇੰਸ" (ਪੀ ਡੀ ਏ) ਤੋਂ। ਲੋਕਾਂ ਦੀਆਂ ਆਸਾਂ ਉਮੀਦਾਂ ਹੁਣ ਇਸ ਗਠਜੋੜ 'ਤੇ ਹੀ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੀ ਡੀ ਏ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਤਾਵਾਂਗੇ। ਇਹ ਗੱਲ ਸੀਪੀਆਈ ਆਗੂਆਂ ਨੇ ਸਲੇਮ ਟਾਬਰੀ ਵਿਖੇ ਪੀ ਡੀ ਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਚਲਾਈ ਪ੍ਰਚਾਰ ਮੁਹਿੰਮ ਦੌਰਾਨ ਕਹੀ। ਲੋਕਾਂ ਨੂੰ ਯਕੀਨ ਹੈ ਜਿੱਤ ਤੋਂ ਬਾਅਦ ਕੁਰਪਟ ਅਧਿਕਾਰੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਂਦਾ ਜਾਵੇਗਾ। ਮਾਮੂਲੀ ਮਾਮੂਲੀ ਅਤੇ ਜਾਇਜ਼ ਕੰਮਾਂ ਲਈ ਲੋਕਾਂ ਨੂੰ ਦਫਤਰਾਂ ਦੇ ਚੱਕਰ ਕਢਵਾ ਕਢਵਾ ਕੇ ਖੱਜਲ ਖੁਆਰੀਆਂ ਕਰਨ ਕਰਾਉਣ ਵਾਲੇ ਸਿਸਟਮ ਨੂੰ ਲੋਕ ਹੁਣ ਤੁਰੰਤ ਫੁਰਤ ਬਦਲਣਾ ਚਾਹੁੰਦੇ ਹਨ। ਕੰਮ ਏਨੀ ਜਲਦੀ ਹੋਣ ਵਾਲਾ ਤਾਂ ਨਹੀਂ ਪਰ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਜੇਕਰ ਇਸ ਵਾਰ ਪੀ ਡੀ ਏ ਦੀ ਜਿੱਤ ਹੋਈ ਤਾਂ ਨਿਸਚੇ ਹੀ ਇਸ ਪਾਸੇ ਵੀ ਕਦਮ ਚੁੱਕੇ ਜਾਣਗੇ।
ਜਨਤਾ ਨੇ ਹਰ ਕੋਨੇ ਵਿੱਚ ਪੀ ਡੀ ਏ ਨੂੰ ਜਿਤਾਉਣ ਦਾ ਵਿਸ਼ਵਾਸ ਦਿਵਾਇਆ ਹੈ। ਪਰਚਾਰ ਖਤਮ ਹੋਣ ਤੋ ਪਹਿਲਾਂ ਆਖਰੀ ਦਿਨ ਭਾਰਤੀ ਕਮਿਉਨਿਸਟ ਪਾਰਟੀ ਵਲੋਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਰੋਡ ਸ਼ੋ ਕਰਕੇ ਜ਼ੋਰਦਾਰ ਪਰਚਾਰ ਕੀਤਾ ਗਿਆ। ਅੱਜ ਘਰੋਘਰੀ ਜਾ ਕੇ ਪਾਰਟੀ ਦੇ ਕਾਰਕੁਨ ਇੱਕ ਇੱਕ ਕਰਕੇ ਲੋਕਾਂ ਨੂੰ ਮਿਲ ਰਹੇ ਹਨ ਤੇ ਬੂਥਾਂ ਨੂੰ ਸਾਂਭਣ ਦੀ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਇਲਾਕੇ ਦਾ ਆਗੂਆਂ ਕਾਮਰੇਡ ਮਨਜੀਤ ਸਿੰਘ ਬੂਟਾ, ਕਾਮਰੇਡ ਸਫੀਕ ਮੋਹੱਮਦ ਤੇ ਕਾਮਰੇਡ ਵਿਨੋਦ ਕੁਮਾਰ ਨੇ ਦੱਸਿਆ ਕਿ ਆਮ ਇਹ ਪਾਇਆ ਗਿਆ ਹੈ ਕਿ ਲੋਕ ਕੱਲ ਵੋਟ ਪਾ ਕੇ ਲੁਧਿਆਣਾ ਤੋਂ ਰਵਾਇਤੀ ਪਰਟੀਆਂ ਨੂੰ ਵੱਡਾ ਝਟਕਾ ਦੇਣਗੇ ਤੇ ਪੀ ਡੀ ਏ ਦੇ ਉੱਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਜਿੱਤ ਯਕੀਨੀ ਬਣਾਉਣਗੇ। ਹੁਣ ਦੇਖਣਾ ਹੈ ਕਿ ਲੋਕਾਂ ਦੀ ਇਹ ਆਵਾਜ਼ ਕਿੰਨੇ ਵੱਡੇ ਫਰਕ ਨਾਲ ਪੀ ਡੀ ਏ ਉਮੀਦਵਾਰਾਂ ਨੂੰ ਜਿਤਾਉਂਦੀ ਹੈ।