Saturday, June 29, 2019

ਲੁਧਿਆਣਾ 'ਚ ਪੈਂਦੇ ਮਹੱਤਵਪੂਰਨ ਪ੍ਰੋਜੈਕਟਾਂ ਲਈ ਪ੍ਰਸਾਸ਼ਕੀ ਪ੍ਰਵਾਨਗੀ ਜਾਰੀ

Jun 29, 2019, 2:51 PM
ਹਲਕਾ ਫਤਹਿਗੜ ਸਾਹਿਬ ਅਧੀਨ ਪੈਂਦੇ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਖਰਚੇ ਜਾਣਗੇ 22.70 ਕਰੋੜ ਰੁਪਏ
MP ਡਾ. ਅਮਰ ਸਿੰਘ ਨੇ ਕਿਹਾ-ਚਿਰੋਕਣੀ ਮੰਗ ਹੋਈ ਪੂਰੀ
ਰਾਏਕੋਟ/ਲੁਧਿਆਣਾ: 29 ਜੂਨ 2019: (ਲੁਧਿਆਣਾ ਸਕਰੀਨ/ਪੰਜਾਬ ਸਕਰੀਨ)::
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਐਲਾਨੇ ਗਏ ਕਈ ਪ੍ਰੋਜੈਕਟਾਂ ਨੂੰ ਪ੍ਰਸਾਸ਼ਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਕੰਮ ਹੁਣ ਜਲਦ ਸ਼ੁਰੂ ਹੋ ਜਾਣਗੇ। ਇਸ ਪ੍ਰਵਾਨਗੀ ਵਿੱਚ ਪਿੰਡ ਧਨਾਨਸੂ ਵਿੱਚ ਪ੍ਰਸਤਾਵਿਤ ਸਾਈਕਲ ਵੈਲੀ ਸਮੇਤ ਜ਼ਿਲਾ ਲੁਧਿਆਣਾ ਵਿੱਚ ਪੈਂਦੀਆਂ ਮਹੱਤਵਪੂਰਨ ਸੜਕਾਂ ਸ਼ਾਮਿਲ ਹਨ, ਜੋ ਕਿ ਹਲਕਾ ਫਤਹਿਗੜ ਸਾਹਿਬ ਦਾ ਹਿੱਸਾ ਹਨ। 22.70 ਕਰੋੜ ਰੁਪਏ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਭਾਰੀ ਆਵਾਜਾਈ ਰਾਹਤ ਮਿਲੇਗੀ। ਇਹਨਾਂ ਪ੍ਰੋਜੈਕਟਾਂ ਲਈ ਇਹ ਪ੍ਰਵਾਨਗੀ ਜਾਰੀ ਕਰਾਉਣ ਵਿੱਚ ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦਾ ਖਾਸ ਯੋਗਦਾਨ ਰਿਹਾ ਹੈ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ (ਹਲਕਾ ਸਾਹਨੇਵਾਲ) ਵਿੱਚ ਸਾਈਕਲ ਵੈਲੀ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਲਈ 5.50 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਇਸ ਤੋ ਇਲਾਵਾ ਬਾਕੀ ਪ੍ਰੋਜੈਕਟਾਂ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਚਾਵਾ-ਸਮਰਾਲਾ ਸੜਕ, 8.20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਰਾਏਕੋਟ-ਮਲੇਰਕੋਟਲਾ ਸੜਕ ਸ਼ਾਮਿਲ ਹਨ।  
ਲੋਕ ਨਿਰਮਾਣ ਵਿਭਾਗ ਵੱਲੋਂ ਜਾਰੀ ਕੀਤੀ ਗਈ ਪ੍ਰਵਾਨਗੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਇਹਨਾਂ ਸੜਕਾਂ ਦੇ ਨਿਰਮਾਣ ਨਾਲ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਈ ਹੈ।ਜਦਕਿ ਸਾਈਕਲ ਵੈਲੀ ਪ੍ਰੋਜੈਕਟ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਹਲਕਾ ਰਾਏਕੋਟ ਦੀਆਂ 95.94 ਕਿਲੋ ਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਦੀ ਰਿਪੇਅਰ 1134.40 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਜਿਸ ਦੇ ਕੰਮ ਲਗਭਗ ਮੁਕੰਮਲ ਹੋਣ ਵਾਲੇ ਹਨ। ਇਸ ਤੋਂ ਇਲਾਵਾ ਸਾਲ 2019 ਦੌਰਾਨ ਹਲਕਾ ਰਾਏਕੋਟ ਦੀਆਂ ਹੋਰ ਬਾਕੀ ਰਹਿੰਦੀਆਂ ਲਿੰਕ ਸੜਕਾਂ ਦੀ ਰਿਪੇਅਰ ਵੀ ਕੀਤੀ ਜਾਵੇਗੀ, ਜਿਹਨਾਂ ਉੱਪਰ 825 ਲੱਖ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਹੈ।
ਡਾ. ਅਮਰ ਸਿੰਘ ਨੇ ਹਲਕਾ ਫਤਹਿਗੜ ਸਾਹਿਬ ਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਫਤਹਿਗੜ ਸਾਹਿਬ ਦੇ ਵਿਕਾਸ ਨੂੰ ਸਮਰਪਿਤ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸੜਕੀ ਨੈੱਟਵਰਕ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਦ੍ਰਿੜ ਯਤਨਸ਼ੀਲ ਹੈ। 

No comments:

Post a Comment