31st March 2020 at 3:41 PM
-ਨੋਵਲ ਕੋਰੋਨਾ ਵਾਇਰਸ (ਕੋਵਿਡ-19)-
ਮੈਡੀਕਲ, ਚਿੰਤਾ ਅਤੇ ਪ੍ਰੇਸ਼ਾਨੀ ਨਾਲ ਜੁੜੇ ਮੁੱਦਿਆਂ ਬਾਰੇ ਸਲਾਹ ਲਈ ਖਾਸ
ਲੁਧਿਆਣਾ: 31 ਮਾਰਚ 2020: (ਐਮ ਐਸ ਭਾਟੀਆ//ਲੁਧਿਆਣਾ ਸਕਰੀਨ Online)::
ਤਾਲਾਬੰਦੀ ਦੌਰਾਨ ਮੈਡੀਕਲ ਅਤੇ ਪਰੇਸ਼ਾਨੀ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਲਈ, ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਲਈ ਇੱਕ ਸਪੈਸ਼ਲ ਹੈਲਪਲਾਈਨ ਨੰਬਰ 1800 180 4104 ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਲੋਕ ਟੈਲੀ-ਕਾਨਫਰੰਸ 'ਤੇ ਸੀਨੀਅਰ ਡਾਕਟਰਾਂ ਦੇ ਨੈਟਵਰਕ ਨਾਲ ਜੁੜ ਕੇ ਕੋਵਿਡ-19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮੰਤਵ ਲਈ ਆਈ.ਐਮ.ਸੀ. ਦੁਆਰਾ 1800 ਤੋਂ ਵੱਧ ਸੀਨੀਅਰ ਡਾਕਟਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਹਨਾਂ ਨੂੰ ਪਲੇਟਫਾਰਮ, ਇਸਦੇ ਪ੍ਰੋਟੋਕੋਲ ਅਤੇ ਕਾਰਜਕੁਸ਼ਲਤਾਵਾਂ ਬਾਰੇ ਨਿਯਮਤ ਤੌਰ 'ਤੇ ਸਿਖਲਾਈ ਦਿੱਤੀ ਗਈ ਹੈ।
ਹੈਲਪਲਾਈਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਐਮਰਜੈਂਸੀ ਡਾਕਟਰੀ ਸਹਾਇਤਾ ਲਈ ਮਾਮਲਿਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਪਹਿਲ ਦੇਣ ਲਈ ਇਕ ਇੰਟੈਲੀਜੈਂਟ ਕੋਰੋਨਾਵਾਇਰਸ ਟ੍ਰਾਈਜਿੰਗ ਸਿਸਟਮ ਵਿਕਸਤ ਕੀਤਾ ਗਿਆ ਹੈ। ਇਹ ਪ੍ਰਣਾਲੀ ਆਈਸੋਲੇਸ਼ਨ, ਘਰੇਲੂ ਕੁਆਰੰਟੀਨ ਅਤੇ ਉਹ ਲੋਕ ਜਿਹਨਾਂ ਨੂੰ ਡਾਕਟਰੀ ਦੇਖਭਾਲ ਦੀ ਲੋੜ ਹੈ, ਲਈ ਮਾਮਲਿਆਂ ਦੀ ਪਛਾਣ ਕਰਨ ਵਿਚ ਸਹਾਇਤਾ ਕਰੇਗੀ। ਉਹਨਾਂ ਕਿਹਾ ਕਿ ਅੱਗੇ ਦੀ ਜਾਂਚ ਅਤੇ ਕਾਰਵਾਈ ਲਈ ਕੇਸ ਸਰਕਾਰ ਨੂੰ ਸੂਚਿਤ ਕੀਤੇ ਜਾਣਗੇ।
ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਵਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਜੋ ਕਿ ਪੰਜਾਬ ਸਰਕਾਰ ਦੇ ਰਾਜ ਕੌਵਿਡ 19 ਕੰਟਰੋਲ ਰੂਮ (ਐਸ.ਸੀ.ਸੀ.ਆਰ.) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਪੰਜਾਬ ਰਾਜ ਸ਼ਾਖਾ ਨਾਲ ਰਲ਼ਕੇ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਵਿਸ਼ੇਸ਼ਤਾ ਨੂੰ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ 'ਤੇ ਉਪਲਬਧ ਕੋਵਾ ਪੰਜਾਬ ਮੋਬਾਇਲ ਐਪਲੀਕੇਸ਼ਨ ਵਿਚ ਵੀ ਸ਼ਾਮਲ ਕੀਤਾ ਗਿਆ ਹੈ।
ਤਾਲਾਬੰਦੀ ਦੌਰਾਨ ਗੈਰ-ਐਮਰਜੈਂਸੀ ਮਾਮਲਿਆਂ ਵਿੱਚ ਡਾਕਟਰਾਂ ਤੱਕ ਪਹੁੰਚ ਨਾ ਹੋਣ ਕਾਰਨ ਲੋਕਾਂ ਵਿੱਚ ਘਬਰਾਹਟ ਤੇ ਸਹਿਮ ਹੈ। ਡਾਕਟਰਾਂ ਤੋਂ ਪੇਸ਼ੇਵਰ ਡਾਕਟਰੀ ਸਲਾਹ ਲੈਣ ਨਾਲ ਲੋਕਾਂ ਨੂੰ ਉਹਨਾਂ ਦੇ ਆਪਣੇ ਲੱਛਣਾਂ ਨੂੰ ਸਮਝਣ ਵਿਚ ਮਦਦ ਮਿਲੇਗੀ ਅਤੇ ਉਹ ਲੋੜ ਅਨੁਸਾਰ ਆਪਣੇ ਅਤੇ ਆਪਣੇ ਪਰਿਵਾਰ ਦੇ ਭਲੇ ਲਈ ਕੰਮ ਸਕਣਗੇ। ਉਹਨਾਂ ਕਿਹਾ ਕਿ ਸਮਾਜ ਦੇ ਸਭ ਤੋਂ ਗਰੀਬ ਵਰਗਾਂ ਲਈ ਕਰਫਿਊ ਦੌਰਾਨ ਮਿਆਰੀ ਡਾਕਟਰੀ ਸਲਾਹ ਅਤੇ ਇਲਾਜ ਤੱਕ ਪਹੁੰਚ ਬਣਾਉਣ ਵਿੱਚ ਇਹ ਤਕਨਾਲੋਜੀ ਬਹੁਤ ਸਹਾਇਤਾ ਕਰੇਗੀ।
ਹੈਲਪਲਾਈਨ ਦੇ ਕੰਮਕਾਜ ਬਾਰੇ ਦੱਸਦਿਆਂ, ਉਹਨਾਂ ਕਿਹਾ ਕਿ ਆਉਣ ਵਾਲੀਆਂ ਕਾਲਾਂ ਦਾ ਪਹਿਲਾਂ ਆਈਵੀਆਰ ਰਾਹੀਂ ਜਵਾਬ ਦਿੱਤਾ ਜਾਵੇਗਾ। ਇਹ ਆਈਵੀਆਰ ਲੋੜੀਂਦੀ ਸਹਾਇਤਾ ਦੇ ਅਧਾਰ 'ਤੇ ਕਾਲਾਂ ਨੂੰ ਫਿਲਟਰ ਕਰੇਗਾ ਅਤੇ ਕੋਵਿਡ ਜਾਂ ਸਿਹਤ ਸੰਬੰਧੀ ਹੋਰ ਮੁੱਦਿਆਂ ਬਾਰੇ ਡਾਕਟਰੀ ਸਲਾਹ ਦੀ ਲੋੜ ਹੋਣ ਦੇ ਮਾਮਲਿਆਂ ਵਿੱਚ ਵਧੇਰੇ ਜਾਣਕਾਰੀ ਜਿਵੇਂ ਕਿ ਹਾਲ ਹੀ ਵਿੱਚ ਕੀਤੀ ਗਈ ਯਾਤਰਾ ਅਤੇ ਲੱਛਣਾਂ ਸਬੰਧੀ ਜਾਣਕਾਰੀ ਹਾਸਲ ਕਰੇਗਾ। ਇਹ ਜਾਣਕਾਰੀ ਆਈਐਮਏ ਡਾਕਟਰਾਂ ਦੇ ਨੈਟਵਰਕ ਨਾਲ ਸਾਂਝੀ ਕੀਤੀ ਜਾਏਗੀ ਅਤੇ ਨਾਗਰਿਕ ਨੂੰ ਇੱਕ ਰਜਿਸਟਰਡ ਡਾਕਟਰ ਤੋਂ ਕਾਲ-ਬੈਕ ਆਵੇਗੀ ਜੋ ਅੱਗੇ ਮਰੀਜ਼ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਕੇ ਇਲਾਜ, ਸਾਵਧਾਨੀਆਂ ਅਤੇ ਹੋਰ ਸਬੰਧਿਤ ਕਿਰਿਆਵਾਂ ਬਾਰੇ ਸਲਾਹ ਦੇਵੇਗਾ।
ਆਈਐਮਏ ਪੰਜਾਬ ਅਧੀਨ ਡਾਕਟਰ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਵੈ-ਸੇਵੀ ਸਹਾਇਤਾ ਕਰਨ ਲਈ ਵਚਨਬੱਧ ਹਨ। ਨਾਗਰਿਕਾਂ ਨੂੰ ਕੋਵਿਡ ਦੇ ਨਾਲ ਨਾਲ ਸਿਹਤ ਸੰਬੰਧੀ ਹੋਰ ਮੁੱਦਿਆਂ ਬਾਰੇ ਸਲਾਹ ਦਿੱਤੀ ਜਾਵੇਗੀ ਕਿਉਂਕਿ ਲਾਕਡਾਊਨ ਦੌਰਾਨ ਨਾਗਰਿਕਾਂ ਲਈ ਪੇਸ਼ੇਵਰ ਡਾਕਟਰੀ ਸਲਾਹ ਲੈਣਾ ਅਤੇ ਉਹਨਾਂ ਤੱਕ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ।
No comments:
Post a Comment