Friday, March 20, 2020

ਕੋਰੋਨਾ ਨਾਲ ਨਿੱਬੜਨ ਦੀਆਂ ਤਿਆਰੀਆਂ ਲੁਧਿਆਣਾ ਵਿੱਚ ਵੀ ਤੇਜ਼

Friday: 20th March 2020 at 7:19 PM
ਲੁਧਿਆਣਾ ਸ਼ਹਿਰ ਦੀਆਂ ਦੋ ਇਮਾਰਤਾਂ ਨੂੰ 'ਕੁਏਰੇਟਿਨ ਵਾਰਡ' ਐਲਾਨਿਆ
ਲੁਧਿਆਣਾ: 20 ਮਾਰਚ 2020: (ਲੁਧਿਆਣਾ ਸਕਰੀਨ ਬਿਊਰੋ)::
ਕੋਰੋਨਾ ਵਾਇਰਸ ਦਾ ਇਹ ਚਿਤਰਣ Centers for Disease Control and Prevention
ਵੱਲੋਂ ਵਾਸਤੇ ਕੀਤਾ ਗਿਆ। Credit :Alissa Eckert, MS; Dan Higgins, MAMS
ਨੋਵੇਲ ਕੋਰੋਨਾ ਵਾਇਰਸ ਨੇ ਸਾਰੇ ਸੰਸਾਰ ਵਿੱਚ ਆਪਣਾ ਅਸਰ ਦਿਖਾਇਆ ਹੈ ਅਤੇ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਹਰ ਕਿਸੇ ਦਾ ਲਾਈਫ ਸਟਾਈਲ ਇਸਦੀ ਮਾਰ ਹੇਠ ਆ ਗਿਆ ਹੈ। ਇਸਦੇ ਚਲਦਿਆਂ ਪੰਜਾਬ ਸਰਕਾਰ ਨੇ ਵੀ ਕੁਝ ਨਿਯਮ ਐਲਾਨੇ ਹਨ। ਇਹਨਾਂ ਸਖਤੀਆਂ ਅਤੇ ਨਿਯਮਾਂ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਾਰੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਹੈ। ਇਸ ਮਕਸਦ ਲਈ ਵਿਸ਼ੇਸ਼ ਮੀਟਿੰਗ ਵੀ ਬੁਲਾਈ ਗਈ। 
"ਕੁਏਰੇਟਿਨ ਵਾਰਡਾਂ" ਦਾ ਐਲਾਨ 
ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ ਬਿਮਾਰੀ ਦੇ ਚੱਲਦਿਆਂ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋੜ ਪੈਣ 'ਤੇ ਮਰੀਜ਼ਾਂ ਨੂੰ ਭਰਤੀ ਕਰਨ ਲਈ ਸ਼ਹਿਰ ਦੀਆਂ ਦੋ ਇਮਾਰਤਾਂ ਨੂੰ 'ਕੁਏਰੇਟਿਨ ਵਾਰਡ' ਘੋਸ਼ਿਤ ਕਰ ਦਿੱਤਾ ਹੈ। ਇਸ ਸੰਬੰਧੀ 'ਦੀ ਐਪੀਡੈਮਿਕ ਡਿਸੀਜ਼ ਐਕਟ 1897' ਤਹਿਤ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਥਾਨਕ ਮੈਰੀਟੋਰੀਅਸ ਸਕੂਲ ਦੇ ਲੜਕੀਆਂ ਦੇ ਹੋਸਟਲ ਅਤੇ ਪਾਰਕਰ ਹਾਊਸ ਪੀ. ਏ. ਯੂ. ਨੂੰ 'ਕੁਏਰੇਟਿਨ ਵਾਰਡ' ਘੋਸ਼ਿਤ ਕੀਤਾ ਗਿਆ ਹੈ।  
ਨੋਡਲ ਅਫਸਰਾਂ ਦੀ ਨਿਯੁਕਤੀ 
ਸ੍ਰੀ ਅਗਰਵਾਲ ਨੇ ਦੱਸਿਆ ਕਿ ਪ੍ਰਿੰਸੀਪਲ ਕਰਨਲ ਅਮਰਜੀਤ ਸਿੰਘ ਨੂੰ ਮੈਰੀਟੋਰੀਅਸ ਸਕੂਲ ਅਤੇ ਡਾ. ਅਸ਼ੋਕ ਕੁਮਾਰ ਅਸਟੇਟ ਅਫ਼ਸਰ ਪੀ. ਏ. ਯੂ. ਨੂੰ ਪਾਰਕਰ ਹਾਊਸ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ। ਇਸ ਸੰਬੰਧੀ ਲੋੜੀਂਦੇ ਪ੍ਰਬੰਧ ਕਰਨ ਲਈ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਦੀ ਡਿਊਟੀ ਲਗਾਈ ਗਈ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਹੋਰ ਵੀ ਕਈ ਥਾਵਾਂ 'ਤੇ 'ਕੁਏਰੇਟਿਨ ਵਾਰਡ' ਘੋਸ਼ਿਤ ਕੀਤੇ ਜਾਣਗੇ।
ਪੰਜਾਬ ਸਰਕਾਰ ਵੱਲੋਂ ਨਵੀਂਆਂ ਹਦਾਇਤਾਂ ਜਾਰੀ  
20 ਵਿਅਕਤੀਆਂ ਤੋਂ ਜ਼ਿਆਦਾ ਦੀ ਇਕੱਤਰਤਾ ਨਹੀਂ ਹੋ ਸਕੇਗੀ
ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੀਆਂ ਗਈਆਂ ਨਵੀਂਆਂ ਹਦਾਇਤਾਂ ਮੁਤਾਬਿਕ ਹੁਣ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਸਮਾਗਮ ਆਦਿ 'ਤੇ 20 ਵਿਅਕਤੀਆਂ ਤੋਂ ਜ਼ਿਆਦਾ ਦੀ ਇਕੱਤਰਤਾ ਨਹੀਂ ਕੀਤੀ ਜਾ ਸਕੇਗੀ। ਫੈਕਟਰੀ ਪ੍ਰਬੰਧਕਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕੰਮ ਕਰ ਰਹੇ ਦੋ ਵਰਕਰਾਂ ਵਿੱਚ ਘੱਟੋ-ਘੱਟ ਇੱਕ ਮੀਟਰ ਦਾ ਵਕਫ਼ਾ ਹੋਣਾ ਲਾਜ਼ਮੀ ਹੈ। ਅਗਲੇ ਹੁਕਮਾਂ ਤੱਕ ਸਾਰੇ ਮੈਰਿਜ ਪੈਲੇਸਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੋਵੇਂ ਹੱਥਾਂ 'ਤੇ ਲੱਗੇਗੀ ਨਾ-ਮਿਟਣਯੋਗ ਸਿਆਹੀ ਨਾਲ ਮੋਹਰ
ਜਿਸ ਕਿਸੇ ਵਿਅਕਤੀ ਨੂੰ ਵੀ ਘਰ ਵਿੱਚ 'ਕੁਏਰੇਟਿਨ' (ਇਕੱਲਵਾਸ) ਕੀਤਾ ਜਾਂਦਾ ਹੈ ਤਾਂ ਉਸ ਦੇ ਦੋਵੇਂ ਹੱਥਾਂ 'ਤੇ ਨਾ-ਮਿਟਣਯੋਗ ਸਿਆਹੀ ਨਾਲ ਮੋਹਰ ਲਗਾਈ ਜਾਵੇਗੀ।
ਰੈਸਤਰਾਂ ਤੋਂ ਖਾਣਾ ਪੈਕ ਕਰਵਾ ਕੇ ਲਿਜਾ ਸਕਣਗੇ ਪਰ ਬੈਠ ਕੇ ਨਹੀਂ ਖਾ ਸਕਣਗੇ 
ਹੋਟਲਾਂ, ਢਾਬਿਆਂ ਅਤੇ ਰੈਸਤਰਾਂ ਵਰਗੀਆਂ ਥਾਂਵਾਂ ਲਈ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਤਰਾਂ ਰੈਸਤਰਾਂ ਪ੍ਰਬੰਧਕਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਹੁਣ ਉਥੇ ਲੋਕ ਬੈਠ ਕੇ ਖਾਣਾ ਨਹੀਂ ਖਾ ਸਕਣਗੇ। ਲੋਕ ਉਥੋਂ ਖਾਣਾ ਪੈਕ ਕਰਵਾ ਕੇ ਲਿਜਾ ਸਕਣਗੇ। ਇਸੇ ਤਰਾਂ ਹੋਟਲ ਕੰਮ ਕਰਦੇ ਰਹਿਣਗੇ ਪਰ ਉਥੇ ਸਥਿਤ ਬੈਂਕੁਇਟ ਹਾਲ ਨਹੀਂ ਵਰਤੇ ਜਾ ਸਕਣਗੇ। ਇਸ ਤਰਾਂ ਲੋਕਾਂ ਵਿੱਚ ਦੂਰੀ ਬਣੀ ਰਹੇਗੀ ਅਤੇ ਕੋਰੋਨਾ ਦਾ ਖਤਰਾ ਕੰਟਰੋਲ ਕੀਤਾ ਜਾ ਸਕੇਗਾ। 
ਸਰਕਾਰੀ ਅਧਿਕਾਰੀ ਬਿਨਾ ਮਨਜ਼ੂਰੀ ਸਟੇਸ਼ਨ ਨਹੀਂ ਛੱਡ ਸਕਣਗੇ 
ਸਖਤੀ ਸਿਰਫ ਆਮ ਲੋਕਾਂ ਤੇ ਨਹੀਂ ਬਲਕਿ ਸਰਕਾਰੀ ਅਧਿਕਾਰੀਆਂ ਲਈ ਵੀ ਐਲਾਨੀ ਗਈ ਹੈ। ਉਹਨਾਂ ਨੂੰ ਵੀ ਪਹਿਲਾਂ ਨਾਲੋਂ ਵਧੇਰੇ ਅਨੁਸ਼ਾਸਨ ਨਾਲ ਨਿਯਮਾਂ ਅਧੀਨ ਹੀ ਕੰਮ ਕਰਨਾ ਪਵੇਗਾ। ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਆਪਣੇ ਸਟੇਸ਼ਨ 'ਤੇ ਹਾਜ਼ਰ ਰਹਿਣਗੇ। ਆਪਣੇ ਸਟੇਸ਼ਨ ਤੋਂ ਏਧਰ ਓਧਰ ਜਾਣ ਲਈ ਉਹਨਾਂ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੋਵੇਗੀ।
ਬਸ ਸਰਵਿਸ ਮੁਅੱਤਲ 
ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹਤਿਹਾਤ ਵਜੋਂ ਸੂਬੇ ਭਰ ਵਿੱਚ ਬੱਸ ਸੇਵਾ ਨੂੰ 31 ਮਾਰਚ ਤੱਕ ਮੁਅੱਤਲ ਕਰ ਦਿੱਤਾ ਹੈ ਪਰ ਇਸਦੇ ਨਾਲ ਹੀ ਜੇਕਰ ਹੰਗਾਮੀ ਹਾਲਤ ਵਿੱਚ ਲੋੜ ਪੈਂਦੀ ਹੈ ਤਾਂ ਡਿਪਟੀ ਕਮਿਸ਼ਨਰ ਜਨਤਕ ਆਵਾਜਾਈ ਸੇਵਾਵਾਂ ਨੂੰ ਲੋਕ ਹਿੱਤ ਵਿੱਚ ਵਰਤ ਜਾਂ ਚਾਲੂ ਕਰ ਸਕਣਗੇ। ਸ੍ਰੀ ਅਗਰਵਾਲ ਨੇ ਬਤੌਰ ਜ਼ਿਲਾ ਮੈਜਿਸਟ੍ਰੇਟ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ, ਸੀਨੀਅਰ ਪੁਲਿਸ ਕਪਤਾਨ ਖੰਨਾ ਅਤੇ ਲੁਧਿਆਣਾ (ਦਿਹਾਤੀ) ਅਤੇ ਸਮੂਹ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਇਹਨਾਂ  ਹੁਕਮਾਂ ਦੀ ਹਰ ਹਾਲ ਵਿੱਚ ਪਾਲਣਾ ਕਰਾਉਣ ਦੀ ਹਦਾਇਤ ਕੀਤੀ ਹੈ।
ਵਿਦੇਸ਼ ਯਾਤਰਾ ਕਰਕੇ ਵਾਪਸ ਪਰਤੇ ਯਾਤਰੀਆਂ ਦੀ ਸੂਚਨਾ ਮੁਹੱਈਆ ਕਰਾਉਣ ਦੀ ਹਦਾਇਤ
ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਨਗਰ ਨਿਗਮ ਕਮਿਸ਼ਨਰ, ਸਮੂਹ ਉੱਪ ਮੰਡਲ ਮੈਜਿਸਟ੍ਰੇਟ, ਸਮੂਹ ਬੀ. ਡੀ. ਪੀ. ਓਜ਼. ਅਤੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਉਹ ਆਪਣੇ-ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਵਿਦੇਸ਼ ਯਾਤਰਾ ਕਰਕੇ ਵਾਪਸ ਆਏ ਵਿਅਕਤੀਆਂ ਦੀ ਸੂਚਨਾ ਤੁਰੰਤ ਮੁਹੱਈਆ ਕਰਾਉਣ ਤਾਂ ਜੋ ਸਿਹਤ ਵਿਭਾਗ ਤੋਂ ਉਹਨਾਂ ਦੀ ਸਿਹਤ ਵਾਲੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਈ ਜਾ ਸਕੇ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਸੂਚਨਾ ਦਿੱਤੇ ਗਏ ਪ੍ਰਫਾਰਮੇ ਵਿੱਚ ਭਰ ਕੇ ਸਿਹਤ ਵਿਭਾਗ ਨੂੰ ਦੇਣ। ਇਸ ਮਕਸਦ ਲਈ ਸੰਪਰਕ ਨੰਬਰ 01612444193 ਅਤੇ ਵਟਸਐਪ ਨੰਬਰ 9814310675 ਵੀ ਐਲਾਨੇ ਗਏ ਹਨ। 
ਡਰਾਈਵਿੰਗ ਟੈਸਟ ਟਰੈਕਾਂ ਅਤੇ ਡਰਾਈਵਿੰਗ ਲਾਇਸੰਸ ਬਣਾਉਣ ਦਾ ਕੰਮ ਮੁਲਤਵੀ
ਸ੍ਰੀ ਅਗਰਵਾਲ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਡਰਾਈਵਿੰਗ ਟੈਸਟ ਟਰੈਕਾਂ ਅਤੇ ਡਰਾਈਵਿੰਗ ਲਾਇਸੰਸ ਬਣਾਉਣ ਦਾ ਕੰਮ 23 ਮਾਰਚ ਤੋਂ 31 ਮਾਰਚ, 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

No comments:

Post a Comment