Monday, May 31, 2021

ਛੂਟ ਦਾ ਸਮਾਂ ਵਧਣ ਨਾਲ ਆਇਆ ਲੋਕਾਂ ਨੂੰ ਸੁੱਖ ਦਾ ਸਾਹ

ਸਿਟੀ ਬੱਸ ਵੀ ਚੱਲ ਪਾਏ ਤਾਂ ਲੋਕਾਂ ਨੂੰ ਮਿਲੇਗੀ ਹੋਰ ਰਾਹਤ 


ਲੁਧਿਆਣਾ
: 31 ਮਈ 2021: (ਕਾਰਤਿਕਾ ਸਿੰਘ//ਲੁਧਿਆਣਾ ਸਕਰੀਨ ਬਿਊਰੋ):: 

ਲੁਧਿਆਣਾ ਵਿੱਚ ਪਿਛਲੇ ਦਿਨੀਂ ਕੋਰੋਨਾ  ਦਾ ਖਤਰਾ ਜਦੋਂ ਚਿੰਤਾਜਨਕ ਹੱਦ ਤੱਕ ਵੱਧ ਗਿਆ ਤਾਂ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਵੀ ਵੱਧ ਗਈ ਸੀ। ਇਸਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗ ਪਈ ਸੀ ਅਤੇ ਮੌਤਾਂ ਦੀ ਗਿਣਤੀ ਵੀ। ਜ਼ਿਲਾ ਪ੍ਰਸ਼ਾਸਨ ਨੇ ਸਰਕਾਰ ਵੱਲੋਂ ਸਮੇਂ ਸਮੇਂ ਭੇਜੀਆਂ ਜਾਂਦੀਆਂ ਗਾਈਡ ਲਾਈਨਾਂ ਅਨੁਸਾਰ ਬੜੇ ਹੀ ਅਸਰਦਾਇਕ ਕਦਮ ਚੁੱਕੇ ਅਤੇ ਇਸ ਸਾਰੇ ਖਤਰੇ ਨੂੰ ਕੰਟਰੋਲ ਹੇਠ ਕਰ ਲਿਆ। ਲੁਧਿਆਣਾ ਵਿੱਚ ਅੱਜ ਕਰੋਨਾ ਦੇ 223 ਨਵੇਂ ਕੇਸ ਸਾਹਮਣੇ ਆਏ ਹਨ, ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਅੱਜ ਘੱਟ ਕੇ 8 ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਦਿੱਤੀ। ਇਸ  ਨਾਲ ਸਭਨਾਂ ਨੇ ਸੁੱਖ ਦਾ ਸਾਹ ਲਿਆ। ਪਰ ਇਸਦੇ ਬਾਵਜੂਦ ਲੋਕਾਂ ਦੀਆਂ ਸਮੱਸਿਆਵਾਂ ਖਤਮ ਨਹੀਂ ਹੋਈਆਂ। ਚੰਗਾ ਹੋਵੇ ਜੇ ਛੂਟ ਵਾਲੇ ਸਮੇਂ ਦੌਰਾਨ ਸਿਟੀ ਬਸ ਸਰਵਿਸ ਵੀ ਚਲਾ ਦਿੱਤੀ ਜਾਵੇ। ਸਿਟੀ ਬਸ ਚੱਲ ਪਵੇ ਤਾਂ ਹੋਰ ਵੀ ਚੰਗਾ ਹੋਵੇ। 

ਕਰੋਨਾ ਵਾਇਰਸ ਦੇ ਘੱਟ ਰਹੇ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਸੋਮਵਾਰ ਤੋਂ ਬਾਜ਼ਾਰ ਖੁੱਲ੍ਹਣ ਦਾ ਸਮਾਂ ਸਵੇਰੇ 5 ਤੋਂ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਮਾਂ ਵਧਾਏ ਜਾਣ ਨਾਲ ਲੋਕਾਂ ਦੇ ਚਿਹਰਿਆਂ ਤੇਲਖੁਸ਼ੀ ਤੇ ਖੁਸ਼ੀ ਦੇਖੀ ਗਈ। ਗਲੀਆਂ, ਬਾਜ਼ਾਰਾਂ ਅਤੇ  ਮੋਹੱਲਿਆਂ ਵਿੱਚ ਚਹਿਲ ਪਹਿਲ ਵੀ ਵੱਧ ਗਈ। 

ਬਾਜ਼ਾਰਾਂ ਨੂੰ  ਸਮਾਂ ਵਧਾਏ ਜਾਨ ਦਾ ਇਹ ਫੈਸਲਾ ਡੀਸੀ ਵਰਿੰਦਰ ਸ਼ਰਮਾ ਵੱਲੋਂ ਐਤਵਾਰ ਦੀ ਦੇਰ ਰਾਤ ਨੂੰ ਲਿਆ ਗਿਆ। ਇਹ ਰਾਹਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰਹੇਗੀ, ਪਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਪੂਰਨ ਰੂਪ ’ਚ ਲੌਕਡਾਊਨ ਰਹੇਗਾ ਅਤੇ ਸਾਰੇ ਬਾਜ਼ਾਰ ਬੰਦ ਰਹਿਣਗੇ। ਇਸ ਤਰ੍ਹਾਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਵਾਲੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਮਿਲੇਗੀ। 

ਪ੍ਰਸਾਸ਼ਨ ਦੇ ਇਸ ਹੁਕਮ ਨਾਲ ਕਾਰੋਬਾਰੀਆਂ ਤੇ ਵਪਾਰੀਆਂ ਨੇ ਸੁਖ ਦਾ ਸਾਹ ਲਿਆ ਹੈ। ਡੀਸੀ ਵਰਿੰਦਰ ਸ਼ਰਮਾ ਨੇ ਜਾਰੀ ਕੀਤੇ ਹੁਕਮਾਂ ’ਚ ਕਿਹਾ ਕਿ ਹੋਟਲ, ਰੈਸਟੋਰੈਂਟ, ਢਾਬੇ, ਬੇਕਰੀ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ’ਤੇ ਲੋਕਾਂ ਨੂੰ ਕੁਝ ਨਹੀਂ ਪਰੋਸਿਆ ਜਾ ਸਕੇਗਾ, ਪਰ ਇਨ੍ਹਾਂ ਤੋਂ ਸਾਮਾਨ ਖਰੀਦ ਕੇ ਲੋਕ  ਆਪੋ ਆਪਣੇ ਘਰਾਂ ਨੂੰ ਜ਼ਰੂਰ ਲਿਜਾ ਸਕਣਗੇ। 

Friday, May 28, 2021

ਨਗਰਨਿਗਮ ਲੁਧਿਆਣਾ ਨੇ ਟ੍ਰੀ ਗਾਰਡ ਬਣਾਉਣੇ ਹੀ ਬੰਦ ਕੀਤੇ

 28th May 2021 at 2:29 PM

ਜਸਵੰਤ ਜੀਰਖ ਨੇ ਦਿੱਤਾ ਖਾਲੀ ਥਾਂਵਾਂ 'ਚ ਬੂਟੇ ਲਾਉਣ ਦਾ ਸੱਦਾ 


ਲੁਧਿਆਣਾ
: 28 ਮਈ 2021:(ਲੁਧਿਆਣਾ ਸਕਰੀਨ ਬਿਊਰੋ)::

ਸਮਾਜ ਵਿੱਚ ਉਸਾਰੂ ਕਦਰਾਂ ਕੀਮਤਾਂ ਲਾਗੂ ਕਰਨ ਅਤੇ ਗੰਧਲੇ ਵਾਤਾਵਰਣ ਨੂੰ ਸੁਧਾਰਕੇ ਲੋਕਾਂ ਦੇ ਬਿਮਾਰ ਜੀਵਨ ਨੂੰ ਤੰਦਰੁਸਤ ਬਣਾਉਣ ਲਈ ਸਮਰਪਿਤ ਜਨਤਕ ਸੰਸਥਾਵਾਂ ਆਪਣੇ ਪੱਧਰ ਤੇ ਕਾਫੀ ਲੰਮੇ ਸਮੇਂ ਤੋਂ ਯਤਨਸ਼ੀਲ ਹਨ। ਪਿਛਲੇ ਸਮਿਆਂ ਦੌਰਾਨ ਸਰਕਾਰੀ ਹੁਕਮਾਂ ਤੇ ਰੁੱਖਾਂ ਦੀ ਅੰਨੇਵਾਹ ਕਟਾਈ ਦੇ ਬਾਵਜੂਦ ਵੀ ਇਹਨਾਂ ਸੰਸਥਾਵਾਂ ਨੇ ਆਪਣੇ ਉਤਸ਼ਾਹ ਅਤੇ ਕੰਮ ਵਿੱਚ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ। ਪਰ ਲੋਕਾਂ ਵਿਚਲੇ ਏਨੇ ਵੱਡੇ ਉਤਸ਼ਾਹ ਦੇ ਬਾਵਜੂਦ ਸਬੰਧਤ ਸਰਕਾਰੀ ਅਦਾਰੇ ਅੱਜ ਦੇ ਇਸ ਗੰਭੀਰ ਮਸਲੇ ਵੱਲ ਲੋੜੀਂਦਾ ਧਿਆਨ ਨਾ ਦੇਕੇ ਵੱਡੀ ਕੁਤਾਹੀ ਕਰ ਰਹੇ ਹਨ। 

ਪਿਛਲੇ ਦਿਨੀਂ ਮਹਾਂਸਭਾ ਲੁਧਿਆਣਾ ਅਤੇ ਨੌਜਵਾਨ ਸਭਾ ਬੀ ਆਰ ਐਸ ਨਗਰ ਨੇ ਆਪਣੇ ਇਲਾਕੇ ਵਿੱਚ ਬਾਰਸ਼ਾਂ ਮੌਕੇ 100 ਬੂਟੇ ਲਾਉਣ ਦੀ ਵਿਉਂਤਬੰਦੀ ਬਣਾਈ। ਇਸ ਸਬੰਧੀ ਇਲਾਕਾ ਕੌਂਸਲਰ ਹਰੀ ਸਿੰਘ ਬਰਾੜ ਨਾਲ ਵੀ ਗੱਲ ਕਰਦਿਆਂ ਨਗਰ ਨਿਗਮ ਲੁਧਿਆਣਾ ਪਾਸੋਂ ਇਹਨਾਂ ਬੂਟਿਆਂ ਦੀ ਅਵਾਰਾ ਪਸ਼ੂਆਂ ਤੋਂ ਬਚਾਓ ਲਈ ਟ੍ਰੀਗਾਰਡ ਦੇਣ ਦੀ ਮੰਗ ਕੀਤੀ। ਪਰ ਹਰੀ ਸਿੰਘ ਬਰਾੜ ਵੱਲੋਂ ਇਹ ਦੱਸਣ ਤੇ ਬੜੀ ਹੈਰਾਨਗੀ ਹੋਈ ਕਿ ਨਗਰ ਨਿਗਮ ਨੇ ਟ੍ਰੀ ਗਾਰਡ ਬਣਾਉਣੇ ਹੀ ਬੰਦ ਕੀਤੇ ਹੋਏ ਹਨ, ਜਿਸ ਕਰਕੇ ਇਹ ਨਹੀਂ ਮਿਲ ਸਕਣਗੇ। 

ਇਸ ਤੋਂ ਜਾਹਰ ਹੈ ਕਿ ਵਾਤਾਵਰਣ ਦੀ ਸਾਂਭਸੰਭਾਲ ਕਰਨ ਲਈ ਜਿਹੜੇ ਸਰਕਾਰੀ ਅਦਾਰਿਆਂ ਨੇ ਮੁੱਖ ਜੁਮੇਵਾਰੀ ਨਿਭਾਉਣੀ ਹੈ, ਉਹਨਾਂ ਨੇ ਆਪਣੀ ਜ਼ੁੰਮੇਵਾਰੀ ਤੋਂ ਹੀ ਪਾਸਾ ਵੱਟ ਲਿਆ ਹੈ।

ਅੱਜ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਖੇ ਸੰਸਥਾਵਾਂ ਦੇ ਕਾਰਕੁੰਨਾ ਤੇ ਜਸਵੰਤ ਜੀਰਖ, ਸੁਬੇਗ ਸਿੰਘ,  ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਇਸ ਮੁੱਦੇ ਵੱਲ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਵੀਆਂ ਸੜਕਾਂ ਦਾ ਨਿਰਮਾਣ ਕਰਦੇ ਸਮੇਂ ਦਰੱਖਤਾਂ ਦਾ ਵੱਡੀ ਪੱਧਰ ਤੇ ਵਢਾਂਗਾ ਤਾਂ ਕੀਤਾ ਜਾ ਰਿਹਾ ਹੈ, ਪਰ ਨਵੇਂ ਬੂਟੇ ਲਗਾਉਣ ਲਈ ਵੀ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣ। ਨਗਰ ਨਿਗਮ ਵੱਲੋਂ ਟ੍ਰੀ ਗਾਰਡ ਬਣਾਕੇ ਚਾਹਵਾਨ ਸੰਸਥਾਵਾਂ ਨੂੰ ਮਹੱਈਆ ਕੀਤੇ ਜਾਣ। ਕਿਧਰੇ ਇਹਨਾਂ ਨੂੰ ਬਣਾਉਣ ਦਾ ਠੇਕਾ ਵੀ ਅੰਦਰਖਾਤੇ ਕਿਸੇ ਪ੍ਰਾਈਵੇਟ ਫਾਰਮ ਨੂੰ ਤਾਂ ਨਹੀਂ ਦੇ ਦਿੱਤਾ ਗਿਆ?