Tuesday, January 11, 2022

ਕੋਵਿਡ ਖਤਰਾ:ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ

 11th January 2022 at 4:33 PM

ਸਟਾਫ ਦਾ ਕੋਵਿਡ ਟੀਕਾਕਰਨ ਵੀ ਕਰਵਾਇਆ ਜਾਵੇ-ਜ਼ਿਲ੍ਹਾ ਸਿਹਤ ਅਫ਼ਸਰ


ਲੁਧਿਆਣਾ: 11 ਜਨਵਰੀ 2022: (ਲੁਧਿਆਣਾ ਸਕਰੀਨ ਬਿਊਰੋ)::

ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ

ਦਿਨ ਤਿਓਹਾਰ ਆਉਂਦਿਆਂ ਹੀ ਮੌਸਮਾਂ ਦੇ ਹਿਸਾਬ ਨਾਲ ਖਾਣਪੀਣ ਦੇ ਮਾਮਲੇ ਵਿੱਚ ਤੇਜ਼ੀ ਆ ਜਾਂਦੀ ਹੈ। ਲੋਕ ਬੜੇ ਹੀ ਮੁਤਸ਼ਾਹ ਅਤੇ ਜੋਸ਼ੋਖਰੋਸ਼ ਨਾਲ ਖਾਂਦੇ ਪੀਂਦੇ ਹਨ। ਇਸਦੇ ਨਾਲ ਹੀ ਇਹਨਾਂ ਚੀਜ਼ਾਂ ਨੂੰ ਵੇਚਣ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹੋ ਜਾਂਦੇ ਹਨ ਜਿਹਨਾਂ ਦਾ ਮਕਸਦ ਕੇਵਲ ਮੁਨਾਫ਼ਾ ਕਮਾਉਣਾ ਹੀ ਹੁੰਦਾ ਹੈ। ਇਹ ਲੋਕ ਚੀਜ਼ਾਂ ਦੀ ਕੁਆਲਿਟੀ ਅਤੇ ਸ਼ੁੱਧਤਾ ਵੱਲ ਧਿਆਨ ਨਹੀਂ ਦੇਂਦੇ। ਇਹਨਾਂ ਅਨਸਰਾਂ ਦੀਆਂ ਮਾੜੀ ਕੁਆਲਿਟੀ ਵਾਲਿਆਂ ਚੀਜ਼ਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਨੇ ਅਪੀਲ ਕੀਤੀ ਹੈ ਕਿ ਗੁਣਵਤਾ ਦਾ ਧਿਆਨ ਰੱਖਿਆ ਜਾਵੇ ਅਤੇ ਖਰੀਦਣ ਵਾਲੇ ਵੀ ਇਸ ਪਾਸੇ ਸੁਚੇਤ ਰਹਿਣ। ਇਸ ਸਬੰਧੀ ਸਬੰਧਤ ਵਪਾਰੀਆਂ ਨੰ ਰਜਿਸਟਰੇਸ਼ਨ ਕਰਾਉਣ ਲਈ ਵੀ ਕਿਹਾ ਗਿਆ ਹੈ। 
ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਹੜੀ ਦੇ ਤਿਉਂਹਾਰ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਚੰਗੀ ਗੁਣਵੱਤਾ ਵਾਲੀਆਂ ਹੀ ਖਰੀਦੀਆਂ ਜਾਣ।

ਜ਼ਿਲ੍ਹਾ ਸਿਹਤ ਅਫਸਰ ਨੇ ਅੱਗੇ ਕਿਹਾ ਕਿ ਅਣਢੱਕੀਆਂ ਜਾਂ ਘਟੀਆ ਕੁਆਲਟੀ ਦੀਆਂ ਵਸਤਾਂ ਬਿਲਕੁਲ ਵੀ ਨਾ ਖਰੀਦੀਆਂ ਜਾਣ ਅਤੇ ਉਨ੍ਹਾਂ ਸਾਰੇ ਫੂਡ ਵਿਕਰੇਤਾਵਾਂ, ਰੇਹੜੀ ਫੜੀ ਅਤੇ ਖਾਣ-ਪੀਣ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਵਸਤਾਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਚੰਗੀ ਗੁਣਵੱਤਾ ਵਾਲੀਆਂ ਵਸਤਾਂ ਹੀ ਵੇਚੀਆਂ ਜਾਣ ਅਤੇ ਆਪਣੇ ਸਮੂਹ ਕਰਮਚਾਰੀਆਂ ਦਾ ਸੰਪੂਰਨ ਕੋਵਿਡ ਟੀਕਾਕਰਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵੇਚੀ ਜਾਣ ਵਾਲੀ ਵਸਤੂ 'ਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਲਾਜ਼ਮੀ ਤੌਰ 'ਤੇ ਦਰਸਾਇਆ ਜਾਵੇ। ਉਨ੍ਹਾ ਫੂਡ ਵਿਕ੍ਰੇਤਾਵਾਂ ਨੂੰ ਸਿਹਤ ਵਿਭਾਗ ਤੋਂ ਆਪਣਾ ਰਜਿਸਟ੍ਰੇਸ਼ਨ ਲੈਣ ਲਈ ਵੀ ਕਿਹਾ ਅਤੇ ਕਿਹਾ ਕਿ ਕੋਈ ਵੀ ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ।

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਾਉਣ ਲਈ  www.foscos.fssai.gov.in 'ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸਿਵਲ ਸਰਜਨ ਦਫ਼ਤਰ ਦੇ ਫੂਡ ਕਲਰਕ ਦੀ ਈ-ਮੇਲ ਆਈ.ਡੀ. clerkfoodludhiana@gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਤਿਉਂਹਾਰਾਂ ਦੇ ਇਸ ਸੀਜਨ ਵਿੱਚ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕੋਰੋਨਾ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ। 


No comments:

Post a Comment