Sunday, March 31, 2019

"ਪੱਤਰਕਾਰ" ਨੂੰ ਕੀਤਾ ਐਸਟੀਐਫ਼ ਦੀ ਪੁਲੀਸ ਨੇ ਗ੍ਰਿਫ਼ਤਾਰ

70 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਵੀ ਦਾਅਵਾ 
ਲੁਧਿਆਣਾ: 31 ਮਾਰਚ 2019: (ਲੁਧਿਆਣਾ ਸਕਰੀਨ ਬਿਊਰੋ)::
ਜੇ ਖਾਕੀ  ਹੋਣ ਦੀਆਂ ਖਬਰਾਂ ਬਾਰ ਬਾਰ ਆਉਂਦੀਆਂ ਸਨ ਤਾਂ ਕਲਮ ਵਾਲਿਆਂ ਦੀਆਂ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਅਸਲੀਅਤ ਭਾਵੇਂ ਕੁਝ ਵੀ ਹੋਵੇ ਪਰ ਫਿਲਹਾਲ ਮਾਮਲਾ ਚਰਚਾ ਵਿੱਚ ਹੈ। ਨਵੀਂ ਖਬਰ ਆਈ ਹੈ ਲੁਧਿਆਣਾ ਤੋਂ। ਬਾਹਰੀ ਸੂਬਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਹਫ਼ਤਾਵਰੀ ਅਖਬਾਰ ਦੇ ਪੱਤਰਕਾਰ ਨੂੰ ਐਸਟੀਐਫ਼ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਨੂੰ ਦੁੱਗਰੀ ਇਲਾਕੇ ’ਚੋਂ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਥਾਣਾ ਦੁੱਗਰੀ ’ਚ ਸੀਆਰਪੀਐਫ਼ ਕਲੋਨੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਉਰਫ਼ ਢਿੱਲੋਂ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਐਤਵਾਰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਐਸਟੀਐਫ਼ ਦੇ ਲੁਧਿਆਣਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਮੁਲਜ਼ਮ ਉਥੋਂ ਲੰਘ ਰਿਹਾ ਸੀ। ਮੁਲਜ਼ਮ ਨੇ ਮੋਟਰਸਾਈਕਲ ਅੱਗੇ ਪ੍ਰੈਸ ਦਾ ਸਟੀਕਰ ਲਾ ਰੱਖਿਆ ਸੀ। ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਪਹਿਲਾਂ ਤਾਂ ਮੁਲਜ਼ਮ ਨੇ ਪੱਤਰਕਾਰੀ ਦਾ ਰੋਅਬ ਝਾੜਿਆ, ਪਰ ਜਦੋਂ ਪੁਲੀਸ ਨੇ ਇੱਕ ਨਾ ਸੁਣੀ ਤਾਂ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਉਹ ਬਾਹਰੀ ਸੂਬਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਦਾ ਸੀ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਦੇ ਕਬਜ਼ੇ ’ਚੋਂ ਇੱਕ ਪਛਾਣ ਪੱਤਰ ਵੀ ਬਰਾਮਦ ਹੋਇਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਅਸਲੀ ਹੈ ਜਾਂ ਫਿਰ ਮੁਲਜ਼ਮ ਨੇ ਜਾਅਲੀ ਬਣਵਾਇਆ ਹੈ। ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿੱਚ ਮੀਡੀਆ ਸੰਗਠਨ ਕੀ ਰੁੱਖ ਅਪਣਾਉਂਦੇ ਹਨ?

ਸਤੀਸ਼ ਸਚਦੇਵਾ ਨੇ ਖੋਹਲਿਆ ਬਿਨਾ ਮੁਨਾਫ਼ੇ ਵਾਲਾ ਬੁੱਕ ਸੈਂਟਰ

ਪਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਕੀਤਾ ਰਵੀ ਬੁੱਕ ਸੈਂਟਰ ਦਾ ਉਦਘਾਟਨ 
ਲੁਧਿਆਣਾ: 31 ਮਾਰਚ 2019: (ਕਾਰਤਿਕਾ ਸਿੰਘ// ਲੁਧਿਆਣਾ ਸਕਰੀਨ):: 
ਜ਼ਿੰਦਗੀ ਪੈਸੇ ਬਿਨਾ ਨਹੀਂ ਚੱਲਦੀ ਪਰ ਇਕੱਲੇ ਪੈਸੇ ਨਾਲ ਵੀ ਨਹੀਂ ਚੱਲਦੀ। ਇਸ ਹਕੀਕਤ ਨੂੰ ਸਮਝਣ ਦੀ ਬਜਾਏ ਲੋਕ ਸਿਰਫ ਪੈਸੇ ਕਮਾਉਣ ਵੱਲ ਧਿਆਨ ਦੇਂਦੇ ਹਨ। ਫਿਰ ਪੈਸੇ ਕਮਾਉਣ ਲਈ ਭਾਵੇਂ ਕੁਝ ਵੀ ਕਿਓਂ ਨਾ ਕਰਨਾ ਪਵੇ। ਲੋਕ ਸ਼ਰਾਬ ਦੇ ਠੇਕ ਖੋਹਲਦੇ ਹਨ। ਸ਼ਰਾਬ ਪੀਣ ਦੇ ਹਾਤੇ ਖੋਹਲਦੇ ਹਨ। ਜਾਨਵਰ ਵੱਢਣ ਅਤੇ ਮੀਟ ਦੀਆਂ ਦੁਕਾਨਾਂ ਖੋਹਲਦੇ ਹਨ। ਵਿਦਵਾਨਾਂ ਦੇ ਅਦਾਰੇ ਵੀ ਅੱਜਕਲ ਡਾਂਸਰਾਂ ਨੂੰ ਬੁਲਾ ਕੇ ਉਹਨਾਂ ਦੀ ਨੁਮਾਇਸ਼ ਕਰਦੇ ਹਨ ਤਾਂ ਕਿ ਪੈਸੇ ਕਮਾਏ ਜਾ ਸਕਣ। ਪੈਸੇ ਦੇ ਪਿਛੇ ਪਾਗਲ ਹੋਈ ਦੁਨੀਆ ਕਿ ਕਿ ਕਰਦੀ ਹੈ ਇਸਨੂੰ ਗਿਣਿਆ ਵੀ ਨਹੀਂ ਜਾ ਸਕਦਾ ਪਰ ਇੱਕ ਚੰਗੀ ਖਬਰ ਵੀ ਆਈ ਹੈ। ਪੱਤਰਕਾਰ ਅਤੇ ਤਰਕਸ਼ੀਲ ਸਾਥੀ ਸਤੀਸ਼ ਸਚਦੇਵਾ ਨੇ ਇੱਕ ਬੁੱਕ ਸੈਂਟਰ ਖੋਹਲਿਆ ਹੈ ਤਾਂਕਿ ਲੋਕਾਂ ਦੀ ਚੇਤਨਾ ਵਿਕਸਿਤ ਕੀਤੀ ਜਾ ਸਕੇ। ਇਸਦੇ ਨਾਲ ਹੀ ਸਟੇਸ਼ਨਰੀ ਦਾ ਸਾਮਾਨ ਵੀ ਰੱਖਿਆ ਹੈ ਜਿਸਨੂੰ ਉਹਨਾਂ ਨੇ ਬਿਨਾ ਮੁਨਾਫ਼ੇ ਦੇ ਵੇਚਣਾ ਹੈ ਤਾਂਕਿ ਇਸ ਇਸਲਾਕੇ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਿੱਚ ਉਸਾਰੂ ਯੋਗਦਾਨ ਦਿੱਤਾ ਜਾ ਸਕੇ। ਥੋਕ ਦੇ ਭਾਅ ਸਟੇਸ਼ਨਰੀ ਦਾ ਸਾਮਾਨ ਲਿਆਉਣਾ ਅਤੇ ਉੱਸੇ ਕੀਮਤ 'ਤੇ ਪਰਚੂਨ ਵਿੱਚ ਵੇਚ ਦੇਣਾ। ਆਉਣਾ ਜਾਣ ਦਾ ਸਮਾਂ ਅਤੇ ਪੈਟਰੋਲ ਪਾਣੀ ਦਾ ਖਰਚਾ ਸਤੀਸ਼ ਸਚਦੇਵਾ ਹੁਰਾਂ ਨੇ ਆਪਣੇ ਪੱਲਿਓਂ ਪਾਉਣਾ ਹੈ। ਮਨੁੱਖਤਾਵਾਦੀ ਖਰੇ ਸੌਦੇ ਵਰਗੇ ਇਸ ਕਾਰੋਬਾਰੀ ਅਦਾਰੇ ਦਾ ਉਦਘਾਟਨ ਕੀਤਾ ਅੱਜ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ। ਉਹਨਾਂ ਦੇ ਨਾਲ ਪਰੋਫੈਸਰ ਏ ਕੇ ਮਲੇਰੀ ਵੀ ਸਨ। 
ਇਸ ਬਿਨਾ ਮੁਨਾਫ਼ੇ ਵਾਲੇ ਅਦਾਰੇ ਨੂੰ ਖੋਹਲਣ ਦਾ ਕਾਰਨ ਪੁੱਛਿਆ ਤਾਂ ਸਤੀਸ਼ ਸਚਦੇਵਾ ਜੀ ਕਹਿਣ ਲੱਗੇ ਕਿਤਾਬਾਂ ਨਾਲ ਸਮਾਜਿਕ ਤਬਦੀਲੀ ਦੀ ਉਮੀਦ ਅਜੇ ਵੀ ਬੜੀ ਰੌਸ਼ਨ ਹੈ। ਇਸ ਉਮੀਦ ਦੀ ਰੌਸ਼ਨੀ ਵਿੱਚ ਹੀ ਅਸੀਂ ਇਹ ਬੁੱਕ ਸੈਂਟਰ ਖੋਹਲਿਆ ਹੈ। ਉਹਨਾਂ ਦੇ ਪਰਿਵਾਰ ਅਤੇ ਉਹਨਾਂ ਸਾਥੀਆਂ ਨੇ ਇਸਦਾ ਨਾਮ ਰੱਖਿਆ ਹੈ-ਰਵੀ ਬੁੱਕ ਅਤੇ ਸਟੇਸ਼ਨਰੀ ਸੈਂਟਰ।  ਇਹ ਅਦਾਰਾ ਅੱਜ ਅੱਜ ਪੰਜਾਬ ਮਾਤਾ ਨਗਰ ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਕੀਤਾ।  ਉਹਨਾਂ ਦੇ ਨਾਲ ਇਸ ਮੌਕੇ ਪ੍ਰੋਫੈਸਰ ਏ ਕੇ ਮਲੇਰੀ ਵੀ ਸਨ। ਸਤੀਸ਼ ਸਚਦੇਵਾ ਨੇ ਇਸ ਮੌਕੇ ਮੀਡੀਆ ਨੂੰ ਦੱਸਿਆ ਕਿ ਇਥੇ ਜ਼ਿੰਦਗੀ ਨੂੰ ਬਦਲਣ ਵਾਲੀਆਂ ਅਤੇ ਉਸਾਰੂ ਪੁਸਤਕਾਂ ਹੀ ਰੱਖੀਆਂ ਜਾਣਗੀਆਂ। ਇਥੇ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ,  ਡਾਕਟਰ ਹਰਸ਼ਿੰਦਰ ਕੌਰ, ਡਾਕਟਰ ਸ਼ਾਮ ਸੁੰਦਰ ਦੀਪਤੀ, ਅਤੇ ਡਾਕਟਰ ਕਾਵੂਰ ਵਰਗੇ ਉਘੇ ਵਿਗਿਆਨੀਆਂ ਦੀਆਂ ਕਿਤਾਬਾਂ ਵੀ  ਮੌਜੂਦ ਹਨ। ਉਘੇ ਦੇਸ਼ ਭਗਤਾਂ ਦੀਆਂ ਜੀਵਨੀਆਂ ਦੇ ਨਾਲ ਨਾਲ ਪ੍ਰਮੁੱਖ ਕਮਿਊਨਿਸਟਾਂ ਨਾਲ ਸਬੰਧਤ ਲਿਟਰੇਚਰ ਵੀ ਮੌਜੂਦ ਰਹੇਗਾ। ਲੋਕ ਪੱਖੀ ਸਟੇਜ ਨੂੰ ਮਜ਼ਬੂਤ ਬਣਾਉਣ ਵਾਲੇ ਭਾਅ ਜੀ ਗੁਰਸ਼ਰਨ ਸਿੰਘ ਹੁਰਾਂ ਦੀਆਂ ਪੁਸਤਕਾਂ ਵੀ ਇਥੋਂ ਮਿਲ ਸਕਣਗੀਆਂ। ਅੱਜ ਦੇ ਸਮਾਗਮ ਨੂੰ ਪਰੋਫੈਸਰ ਜਗਮੋਹਨ ਸਿੰਘ, ਪਰੋਫੈਸਰ  ਏ ਕੇ ਮਲੇਰੀ, ਜਸਵੰਤ ਜੀਰਖ, ਡਾਕਟਰ ਮੋਹਨ ਸਿੰਘ, ਕੁਲਭੂਸ਼ਨ, ਸਿੰਘ, ਰਾਜ ਕੁਮਾਰ ਗਰੇਵਾਲ, ਸਤੀਸ਼ ਸਚਦੇਵਾ ਨੇ ਵੀ ਸੰਬੋਧਨ ਕੀਤਾ। ਪੀ ਪਲਜ਼ ਮੀਡੀਆ ਵੱਲੋਂ ਰੈਕਟਰ ਕਥੂਰੀਆ ਨੇ ਵੀ ਹਾਜ਼ਰੀ ਲਗਵਾਈ। ਇਲਾਕੇ ਦੇ ਲੋਕਾਂ ਵਿੱਚ ਵੀ ਬਹੁਤ ਖੁਸ਼ੀ ਹੈ ਕਿਓਂਕਿ ਹੁਣ ਉਹਨਾਂ ਦੇ ਬੱਚਿਆਂ ਨੂੰ ਹਰ ਤਰਾਂ ਦੀ ਸਟੇਸ਼ਨਰੀ ਬਾਜ਼ਾਰ ਨਾਲੋਂ ਸਸਤੇ ਭਾਅ 'ਤੇ ਮਿਲ ਸਕੇਗੀ।  ਸਾਡੇ ਲੁਧਿਆਣਾ ਵਿੱਚ ਬਥੇਰੇ ਅਮੀਰ ਹਨ ਕਿ ਉਹ ਵੀ ਇਸ ਤਰਾਂ ਦੇ ਉਸਾਰੂ ਅਦਾਰੇ ਖੋਹਲਣਗੇ? ਬਿਨਾ ਕੋਈ ਮੁਨਾਫ਼ਾ ਲਿਆਂ ? ਇਸ ਵਿੱਚੋਂ ਪੈਸਾ ਭਾਵੇਂ ਨਾ ਮਿਲੇ ਪਰ ਜਿਹੜਾ ਸੰਤੋਖ ਮਿਲਣਾ ਹੈ ਉਸਨੇ ਆਉਣ ਵਾਲਿਆਂ ਨਸਲਾਂ ਨੂੰ ਅਸਲੀ ਮੁਨਾਫ਼ਾ ਕਮਾਉਣ ਜੋਗਾ ਬਣਾ ਦੇਣਾ ਹੈ। ਹੁਣ ਕੋਈ ਮੀਟਿੰਗ ਕਰਨੀ ਹੋਵੇ, ਕੋਈ ਪਰੈਸ ਕਾਨਫਰੰਸ ਤੇ ਭਾਂਵੇਂ ਸਟੇਸ਼ਨਰੀ ਵੰਡਣੀ ਹੋਵੇ ਕੋਸ਼ਿਸ਼ ਕਰਿਓ ਸਚਦੇਵਾ ਜੀ ਕੋਲੋਂ ਹੀ ਖਰੀਦੋ। ਜਿੰਨਾ ਮਰਜ਼ੀ ਨਾਂਹ ਨਾਂਹ ਕਰੀ ਜਾਣ ਜਿੰਨੇ ਪੈਸੇ ਮੰਗਣ ਉਸਤੋਂ ਵੱਧ ਦੇ ਕੇ ਹੀ ਮੁੜਿਓ। ਅਜਿਹੇ ਅਦਾਰੇ ਹਰ ਇਲਾਕੇ ਵਿੱਚ ਖੁੱਲਦੇ ਰਹਿਣ। 

Friday, March 22, 2019

ਟਿੱਬਾ ਰੋਡ ਲੁਧਿਆਣਾ 'ਚ ਸ਼ੋਰ ਕਾਰਨ ਹੋਏ ਝਗੜੇ ਵਿੱਚ ਕਤਲ

ਲਗਾਤਾਰ ਵੱਧ ਰਹੀ ਹੈ ਸ਼ੋਰ ਦੇ ਸ਼ੌਕੀਨਾਂ ਦੇ ਗਿਣਤੀ 
ਲੁਧਿਆਣਾ:22 ਮਾਰਚ 2019: (ਲੁਧਿਆਣਾ ਸਕਰੀਨ ਟੀਮ)::
ਤਿਓਹਾਰ ਹੋਵੇ ਜਾਂ ਛੁੱਟੀ-ਉੱਚੀ ਆਵਾਜ਼ ਵਿੱਚ ਡੈਕ ਲਾਉਣਾ ਜਾਂ ਭੰਗੜੇ ਪਾਉਣਾ ਇੱਕ ਆ  ਗਈ ਹੈ। ਜਦੋਂ ਇਸਦੇ ਨਾਲ ਹੀ ਸ਼ਰਾਬ ਜਾਂ ਕੋਈ ਹੋਰ  ਜਾਵੇ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਉਸ ਸ਼ੋਰ ਦੇ ਨੇੜੇ ਜੇ ਕੋਈ ਦਿਲ ਦਾ ਮਰੀਜ਼ ਰਹਿੰਦਾ ਹੋਵੇ ਜਾਂ ਫਿਰ ਹਾਈ ਬਲੱਡ ਪਰੈਸ਼ਰ ਦਾ ਸ਼ਿਕਾਰ ਵਿਅਕਤੀ ਤਾਂ ਉਸ ਲਈ ਇੱਕ ਇੱਕ ਪਲ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ। ਉੱਚੀ ਆਵਾਜ਼ ਵਾਲੇ ਹਾਰਨ ਵਜਾਉਣ ਦਾ ਸਿਲਸਿਲਾ ਵੀ ਫੈਸ਼ਨ ਬਣ ਗਿਆ ਹੈ। ਸ਼ੋਰ ਦੇ ਸ਼ੌਕੀਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਨਾਲ ਹੀ ਵੱਧ ਰਹੇ ਹਨ ਇਸ ਮੁੱਦੇ ਨੂੰ ਲੈ ਕੇ ਹੋਣ ਵਾਲੇ ਝਗੜੇ। ਨਵਾਂ ਮਾਮਲਾ ਸਾਹਮਣੇ ਆਇਆ ਹੈ ਟਿੱਬਾ ਰੋਡ ਲੁਧਿਆਣਾ ਦਾ। 
ਸ਼ਹਿਰ ਦੇ ਟਿੱਬਾ ਰੋਡ 'ਤੇ ਗਾਉਣ-ਵਜਾਉਣ ਨੂੰ ਲੈ ਕੇ ਹੋਏ ਝਗਡ਼ੇ 'ਚ ਮਕਾਨ ਮਾਲਕਣ ਵੱਲੋਂ ਨੌਜਵਾਨ ਦੇ ਸਿਰ 'ਚ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮਿ੍ਤਕ ਨੌਜਵਾਨ ਦੀ ਪਤਨੀ ਦੇ ਬਿਆਨਾਂ 'ਤੇ ਅਪਰਾਧਕ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਕਾਨ ਮਾਲਕਣ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਟਿੱਬਾ ਰੋਡ ਦੇ ਕਰਤਾਰ ਨਗਰ 'ਚ ਹਰਪ੍ਰਰੀਤ ਸਿੰਘ ਆਪਣੀ ਪਤਨੀ ਨਾਲ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ। ਉਸ ਦਾ ਢਾਈ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੇ ਕੋਈ ਬੱਚਾ ਨਹੀਂ ਸੀ। ਵੀਰਵਾਰ ਨੂੰ ਹੋਲੀ ਵਾਲੇ ਦਿਨ ਸ਼ਾਮ ਨੂੰ 4 ਵਜੇ ਉਹ ਆਪਣੇ ਦੋਸਤ ਨਾਲ ਘਰ 'ਚ ਹੀ ਸ਼ਰਾਬ ਪੀ ਰਿਹਾ ਸੀ ਤੇ ਉਸ ਨੇ ਉੱਚੀ ਆਵਾਜ਼ 'ਚ ਗਾਣੇ ਲਗਾਏ ਹੋਏ ਸਨ। ਜਿਸ 'ਤੇ ਮਕਾਨ ਮਾਲਕਣ ਕੁਲਦੀਪ ਕੌਰ ਨੇ ਇਤਰਾਜ਼ ਪ੍ਰਗਟਾਇਆ ਤੇ ਉਹ ਉਸ ਕੋਲ ਗਈ ਤੇ ਗਾਣੇ ਬੰਦ ਕਰਨ ਲਈ ਕਹਿ ਦਿੱਤਾ। ਜਿਸ ਨਾਲ ਦੋਵਾਂ 'ਚ ਗਾਲੀ-ਗਲੌਚ ਸ਼ੁਰੂ ਹੋ ਗਿਆ। ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਮਾਮਲਾ ਸੁਲਝਾਇਆ। ਇਸ ਤੋਂ ਬਾਅਦ ਹਰਪ੍ਰਰੀਤ ਆਪਣੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਘਰ 'ਤੇ ਛੱਡਣ ਚਲਾ ਗਿਆ। ਜਦੋਂ ਵਾਪਸ ਆਇਆ, ਉਦੋਂ ਵੀ ਮਕਾਨ ਮਾਲਕਣ ਉਸ ਦੀ ਪਤਨੀ ਨੂੰ ਬੋਲ ਰਹੀ ਸੀ। ਇਸ ਨਾਲ ਝਗਡ਼ਾ ਫਿਰ ਤੋਂ ਸ਼ੁਰੂ ਹੋ ਗਿਆ। ਇਸੇ ਦੌਰਾਨ ਮਕਾਨ ਮਾਲਕਣ ਨੇ ਲੋਹੇ ਦੀ ਰਾਡ ਨੌਜਵਾਨ ਦੇ ਸਿਰ 'ਚ ਮਾਰ ਦਿੱਤੀ ਤੇ ਉਹ ਹੇਠਾਂ ਡਿਗ ਪਿਆ। ਘਰ 'ਤੇ ਆਇਆ ਉਸ ਦਾ ਦੋਸਤ ਉਸ ਨੂੰ ਸਿਵਲ ਹਸਪਤਾਲ ਲੈ ਗਿਆ, ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਰਪ੍ਰਰੀਤ ਫੈਕਟਰੀ 'ਚ ਆਟੋ ਚਲਾਉਂਦਾ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦੋਵਾਂ ਪਰਿਵਾਰਾਂ ਦਾ ਖ਼ਰਚ ਉਸੇ ਵੱਲੋਂ ਚਲਾਇਆ ਜਾਂਦਾ ਸੀ। ਪੁਲਿਸ ਵੱਲੋਂ 174 ਸੀਆਰਪੀਸੀ ਦੇ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਇਆ ਸੀ, ਜਿਸ ਵਿਚ ਉਸ ਦੇ ਸਿਰ 'ਚ ਸੱਟ ਲੱਗੀ ਹੋਈ ਹੈ। ਪੁਲਿਸ ਨੇ ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਮਕਾਨ ਮਾਲਕਣ ਮਨਜੀਤ ਕੌਰ ਖ਼ਿਲਾਫ਼ ਥਾਣਾ ਟਿੱਬਾ 'ਚ ਅਪਰਾਧਕ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅੌਰਤ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਅਜਿਹੇ ਝਗੜੇ ਰੁਕ ਸਕਦੇ ਹਨ। ਅਫਸੋਸ ਕਿ ਸ਼ੋਰ ਸ਼ਰਾਬ ਕਰਨ ਵਾਲੇ ਅਨਸਰ ਬੜੀ ਬੇਫਿਕਰੀ ਨਾਲ ਰੌਲਾ ਗੌਲਾ ਪਾਉਂਦੇ ਹਨ ਅਤੇ ਰੋਕਣ ਤੇ ਸਾਰੀ ਗੱਲ ਹਾਸੇ ਵਿਚ ਉਡਾ ਦੇਂਦੇ ਹਨ। ਕਿ ਇਸ ਕਤਲ ਤੋਂ ਅਮਨ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਅਤੇ ਸਮਾਜ ਕੋਈ ਸਬਕ ਸਿੱਖਣਗੇ?