Saturday, January 26, 2019

ਐਫ ਆਈ ਬੀ ਨੇ ਵੀ ਮਨਾਇਆ ਗਣਤੰਤਰ ਦਿਵਸ

ਬੇਲਣ ਬਰਗੇਡ ਵੱਲੋਂ ਸਮਾਜ ਨੂੰ ਨਸ਼ਾ ਅਤੇ ਮਿਲਾਵਟ ਮੁਕਤ ਕਰਨ ਦਾ ਸੱਦਾ 
ਲੁਧਿਆਣਾ: 26 ਜਨਵਰੀ 2019: (ਲੁਧਿਆਣਾ ਸਕਰੀਨ ਬਿਊਰੋ)::  
ਸਮਾਜ ਵਿੱਚ ਹੁੰਦੇ ਜੁਰਮਾਂ ਆਪਣੀ ਨਿੰਜੀ ਹੈਸੀਅਤ ਵਿੱਚ ਬੜੀ ਤਿੱਖੀ ਨਜ਼ਰ ਰੱਖਣ ਵਾਲੀ ਸੰਸਥਾ "ਫਸਟ ਇਨਵੈਸਟੀਗੇਸ਼ਨ ਬਿਊਰੋ" (ਐਫ ਆਈ ਬੀ) ਵੱਲੋਂ ਇਸ ਵਾਰ ਵੀ ਗਣਤੰਤਰ ਦਿਵਸ ਦਾ ਕੌਮੀ ਤਿਓਹਾਰ ਬੜੇ ਹੀ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ "ਬੇਲਣ ਬਰਗੇਡ" ਅਤੇ "ਨਵਕਿਰਨ ਵੂਮੈਨ ਵੈਲਫੇਅਰ ਐਸੋਸੀਏਸ਼ਨ" ਦੀ ਅਨੀਤਾ ਸ਼ਰਮਾ ਅਤੇ ਆਰ ਟੀ ਆਈ ਵਾਲੇ ਸਰਗਰਮ ਪੱਤਰਕਾਰ ਸ਼ਿਰੀਪਾਲ ਸ਼ਰਮਾ,  ਭਗਵੰਤ ਗਰੇਵਾਲ, ਪਰੇਮ ਗਰੋਵਰ,  ਅਸ਼ਵਨੀ ਸੱਗੀ, ਰਾਜੇਸ਼ ਕਪੂਰ, ਪਰਦੀਪ ਸ਼ਰਮਾ ਇਪਟਾ, ਓਂਕਾਰ ਸਿੰਘ ਪੁਰੀ  ਸਮੇਤ ਕਈ ਸ਼ਖਸੀਅਤਾਂ ਨੇ ਸਰਗਰਮ ਸ਼ਿਰਕਤ ਕੀਤੀ। ਅਨੀਤਾ ਸ਼ਰਮਾ ਨੇ ਇਸ ਵਾਰ ਫੇਰ ਲੋਕਾਂ ਦੇ ਦਿਲਾਂ ਨੂੰ ਹਲੂਣਾ ਦੇਣ ਵਾਲੇ ਸ਼ਬਦਾਂ ਵਿੱਚ ਸਮਾਜ ਨੂੰ ਨਸ਼ਿਆਂ ਅਤੇ ਮਿਲਾਵਟਖੋਰੀ ਤੋਂ ਮੁਕਤ ਕਰਨ ਦਾ ਸੱਦਾ ਦਿੱਤਾ। ਉਹਨਾਂ ਸਮੂਹ ਲੋਕਾਂ ਨੂੰ ਇਸ ਮਕਸਦ ਲਈ ਅੱਗੇ ਆਉਣ ਵਾਸਤੇ ਵੀ ਕਿਹਾ। ਉਹਨਾਂ ਦੱਸਿਆ ਕਿ ਬਿਮਾਰ ਅਤੇ ਅਪਾਹਜ ਬੱਚਿਆਂ ਦੇ ਜਨਮ ਲਈ ਮਿਲਾਵਟੀ ਦੁੱਧ ਅਤੇ ਹੋਏ ਚੀਜ਼ਾਂ ਵੀ ਜ਼ਿੰਮੇਵਾਰ ਹਨ। 
ਇਸੇ ਦੌਰਾਨ ਉਹਨਾਂ ਲੁਧਿਆਣਾ ਸਕਰੀਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਉਹਨਾਂ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਉਹ ਥਾਂ ਇਸ ਧਰਤੀ ਦਾ ਸਵਰਗ ਹੈ। ਉੱਥੇ ਮਨੁੱਖੀ ਜ਼ਿੰਦਗੀ ਦੀ ਕਦਰ ਹੈ ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ। ਜੇ ਕਿਸੇ ਕੋਲ ਸਰਦੀ ਜਾਂ ਗਰਮੀ ਕੱਟਣ ਲਈ ਕੋਈ ਘਰ ਨਾ ਵੀ ਹੋਵੇ ਤਾਂ ਵੀ ਉਸਨੂੰ ਫੁਟਪਾਥਾਂ ਉੱਤੇ ਨਹੀਂ ਰੁਲਣਾ ਪੈਂਦਾ। ਸਿਰਫ ਇੱਕ ਫੋਨ ਕਾਲ ਜਿਹਡ਼ੀ ਕੋਈ ਰਾਹ ਜਾਂਦਾ ਵਿਅਕਤੀ ਵੀ ਕਰ ਸਕਦਾ ਹੈ ਅਤੇ ਫੁੱਟਪਾਥ ਉੱਤੇ ਪਿਆ ਵਿਅਕਤੀ ਕਿਸੇ ਆਰਾਮਦੇਹ ਸ਼ੈਲਟਰ ਹਾਊਸ ਵਿੱਚ  ਪਹੁੰਚ ਜਾਂਦਾ ਹੈ। ਉੱਥੋਂ ਦੇ ਮਕਾਨ ਬਹੁਤ ਘੱਟ ਲਾਗਤ ਵਿੱਚ ਬਣਦੇ ਹਨ ਪਰ ਉਹਨਾਂ ਵਿੱਚ ਰਹਿੰਦਿਆਂ ਨਾਂ ਤਾਂ ਸਰਦੀ ਲੱਗਦੀ ਹੈ ਅਤੇ ਨਾ ਹੀ ਗਰਮੀ। 
ਨਸ਼ਿਆਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉੱਥੇ ਵੀ ਸਰਕਾਰਾਂ ਸ਼ਰਾਬ ਤੋਂ ਪੈਸੇ ਕਮਾਉਂਦੀਆਂ ਹਨ ਪਰ ਇਥੋਂ ਦੀ ਤਰਾਂ ਉੱਥੇ ਥਾਂ ਥਾਂ ਠੇਕੇ ਨਜ਼ਰ ਨਹੀਂ ਆਉਂਦੇ। ਹਰ ਚੀਜ਼ ਬਰਾਂਡਿਡ ਅਤੇ ਪੈਕਿੰਗ ਵਾਲੀ ਹੈ ਜਿਸ ਵਿੱਚ ਕੁਆਲਿਟੀ ਦੇ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। 
ਉਹਨਾਂ ਕਿਹਾ ਕਿ ਸਾਨੂੰ ਵੀ ਮਹਾਨਤਾ ਵਾਲੇ ਨਾਅਰੇ ਲਾਉਣ ਤੋਂ ਪਹਿਲਾ ਮਨੁੱਖਤਾ ਲਈ ਮਹਾਨਤਾ ਵਾਲਿਆਂ ਗੱਲਾਂ ਇਥੇ ਵੀ ਪੈਦਾ ਕਰਨੀਆਂ ਚਾਹੀਦੀਆਂ ਹਨ। 
ਉਹਨਾਂ ਐਫ ਆਈ ਬੀ ਦੇ ਟੀਮ ਦਾ ਵੀ ਧੰਨਵਾਦ ਕੀਤਾ ਕਿ ਇਹ ਟੀਮ ਹਰ ਵਾਰ 15 ਅਗਸਤ ਅਤੇ 26 ਜਨਵਰੀ ਨੂੰ ਦੇਸ਼ ਭਗਤੀ ਦਾ ਰੰਗ ਜਗਾਉਣ ਲਈ ਕੁਝ ਨਾ ਕੁਝ ਵਿਸ਼ੇਸ਼ ਕਰਦੀ ਰਹਿੰਦੀ ਹੈ।  ਉਹਨਾਂ ਅੱਜ ਦੇ ਆਯੋਜਨ ਦੀ ਵੀ ਸ਼ਲਾਘਾ ਕੀਤੀ। 
ਇਸ ਸਮਾਗਮ ਵਿੱਚ ਆਏ ਹੋਏ ਖਾਸ ਮਹਿਮਾਨਾਂ ਭਗਵੰਤ ਗਰੇਵਾਲ, ਅਸ਼ਵਨੀ ਸੱਗੀ, ਰਾਜੇਸ਼ ਕਪੂਰ, ਪਰੇਮ ਗਰੋਵਰ, ਓਂਕਾਰ ਸਿੰਘ ਪੁਰੀ ਅਤੇ ਹੋਰਨਾਂ ਨੇ ਵੀ ਦੇਸ਼ ਅਤੇ ਸਮਾਜ ਲਈ ਕੁਝ ਠੋਸ ਕਦਮ ਚੁੱਕੇ ਜਾਣ ਦਾ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਅਸੀਂ ਆਪਣੀ ਵਿੱਤ ਅਤੇ ਸਮਰਥਾ ਅਨੁਸਾਰ ਹਮੇਸ਼ਾਂ ਕੁਝ ਨ ਕੁਝ ਕਰਦੇ ਰਹਾਂਗੇ। ਐਫ ਆਈ ਬੀ ਦੇ ਮੁਖੀ ਡਾਕਟਰ ਭਾਰਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਰਾਖੀ ਲਾਇ ਆਪੋ ਆਪਣੇ ਖੇਤਰਾਂ ਵਿੱਚ ਹਮੇਸ਼ਾਂ ਤਿਆਰ ਰਹਿਣ ਕਿਓਂਕਿ ਦੁਸ਼ਮਣ ਕਿਸੇ ਵੀ ਥਾਂ ਕੋਈ ਵਾਰ ਕਰ ਸਕਦਾ ਹੈ। ਜੇ ਦੇਸ਼ ਸਲਾਮਤ ਹੈ ਤਾਂ ਬਾਕੀ ਸਭ ਕੁਝ ਵੀ ਠੀਕ ਹੋ ਜਾਵੇਗਾ।  

ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੀ ਵਧਾਈ

ਭਗਤੀ ਵਿੱਚ ਹੀ ਸ਼ਕਤੀ ਹੁੰਦੀ ਹੈ--ਇਸ ਰਾਜ਼ ਨੂੰ ਪਛਾਣੋ 
ਅੰਮ੍ਰਿਤਸਰ//ਲੁਧਿਆਣਾ: 25 ਜਨਵਰੀ 2019: (ਲੁਧਿਆਣਾ ਸਕਰੀਨ ਬਿਊਰੋ)::
ਅਹਿਮਦ ਸ਼ਾਹ ਦੁਰਾਨੀ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ। ਹਿੰਦੋਸਤਾਨ ਉੱਪਰ ਆਪਣੇ 1757 ਈ: ਦੇ  ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਉਹ ਕੁਝ ਦੇਰ ਲਈ ਲਾਹੌਰ ਵੀ ਠਹਿਰਿਆ। ਆਪਣੇ ਉਸ ਠਹਿਰਾਓ ਦੌਰਾਨ ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਵੀ ਅੰਨੇਵਾਹ ਢਾਹਿਆ। ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਮਾਲ ਖਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ 'ਤੇ ਪੁੱਜੀ ਤਾਂ ਆਪ ਦੇ ਦਿਲ 'ਤੇ ਅਸਹਿ ਸੱਟ ਵੱਜੀ। ਆਪ ਉਸੇ ਵੇਲੇ ਜੋਸ਼ ਗਏ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਇਹ ਫੈਸਲਾ ਕੋਈ ਆਸਾਂ ਨਹੀਂ ਸੀ। ਜਾਬਰਾਂ ਦੀ ਸ਼ਕਤੀ ਬਹੁਤ ਜ਼ਿਆਦਾ ਵਧੀ ਹੋਈ ਸੀ। ਇਸ ਸਭ ਦੇ ਬਾਵਜੂਦ ਆਪ ਜੀ ਇਸ ਫੈਸਲੇ ਉੱਤੇ ਅਮਲ ਕਰਨ ਦਾ ਸੰਕਲਪ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ 'ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ। ਇਹ ਇੱਕ ਸ਼ਕਤੀ ਸੀ ਜਿਹੜੀ ਭਗਤੀ ਨਾਲ ਮਿਲੀ ਸੀ। ਅਧਿਐਨ ਨਾਲ ਮਿਲੀ ਸੀ। 
ਅੱਜ ਫਿਰ ਬਾਬਾ ਦੀਪ ਸਿੰਘ ਦੀ ਲੋੜ ਹੈ। ਉਸ ਸਿਆਣਪ ਦੀ ਲੋੜ ਹੈ। ਉਸ ਸ਼ਕਤੀ ਦੀ ਲੋੜ ਹੈ। ਇਸ ਪਾਵਨ ਦਿਨ ਦੇ ਮੌਕੇ 'ਤੇ ਅਸੀਂ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਜਨਮਦਿਨ ਦੀ ਵਧਾਈ ਦੇਂਦਿਆਂ  ਅਪੀਲ ਕਰਦੇ ਹਾਂ ਕਿ ਉਹ ਬਾਬਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਭਗਤੀ ਕਰਨ।  ਇਸ ਭਗਤੀ ਨਾਲ ਹੀ ਜ਼ਿੰਦਗੀ ਦੀ ਜੰਗ ਜਿੱਤਣ ਵਾਲੀ ਸ਼ਕਤੀ ਨਸੀਬ ਹੋਵੇਗੀ। 

ਰੇਲਵੇ ਸਟੇਸ਼ਨ ਨੇੜੇ ਨੌਕਰ ਨੇ ਹੀ ਕੀਤਾ ਸੀ ਮੱਛੀ ਵਾਲੇ ਬਾਬੇ ਦਾ ਕਤਲ

ਬਾਬੇ ਵੱਲੋਂ ਪੈਸੇ ਨਾ ਦੇਣ ਤੇ ਹੋ ਗਈ ਸੀ ਨੌਕਰ ਦੇ ਬਿਮਾਰ ਲੜਕੇ ਦੇ ਮੌਤ 
ਲੁਧਿਆਣਾ: 25 ਜਨਵਰੀ 2019: (ਲੁਧਿਆਣਾ ਸਕਰੀਨ ਬਿਊਰੋ):: 
ਗਰੀਬ ਅਤੇ ਦੁਖੀ ਇਨਸਾਨ ਜਦੋਂ ਗੁੱਸੇ ਵਿੱਚ ਆਉਂਦਾ ਹੈ ਤਾਂ ਉਹ ਸਾਰੇ ਕਾਇਦੇ ਕਾਨੂੰਨ ਅਤੇ ਅਸੂਲ ਭੁੱਲ ਜਾਂਦਾ ਹੈ। ਲੁਧਿਆਣਾ ਦੇ ਪੁਰਾਣੇ ਸ਼ਹਿਰ ਵਿੱਚ ਹੋਇਆ ਮੱਛੀ ਵਾਲੇ ਦਾ ਕਤਲ ਇੱਕ ਵਾਰ ਫੇਰ ਇਸ ਗੱਲ ਦੀ ਹੀ ਪੁਸ਼ਟੀ ਕਰਦਾ ਹੈ। ਇਸ ਮਾਮਲੇ ਦੀ ਹਕੀਕਤ ਸਾਹਮਣੇ ਆਉਣ ਨਾਲ ਇਸ ਗੱਲ ਦੀ ਇੱਕ ਵਾਰ ਫੇਰ ਪੁਸ਼ਟੀ ਹੋ ਗਈ ਹੈ ਕਿ ਆਰਥਿਕ ਤੰਗੀਆਂ ਵੀ ਲੁੱਕੀਆਂ ਹੁੰਦੀਆਂ ਹਨ ਕਤਲ ਵਰਗੇ ਜੁਰਮਾਂ ਪਿਛੇ।  
ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਇਸ ਕਤਲ ਵਾਲੇ ਜੁਰਮ ਦੀ ਵੀ ਪੁਸ਼ਟੀ ਹੋ ਗਈ ਹੈ। ਰੇਲਵੇ ਸਟੇਸ਼ਨ ਦੇ ਬਾਹਰ ਮੱਛੀ ਵੇਚਣ ਵਾਲੇ ਵਿਅਕਤੀ ਨੂੰ ਉਸ ਦੇ ਪੁਰਾਣੇ ਨੌਕਰ ਨੇ ਹੀ ਮੌਤ ਦੇ ਘਾਟ ਉਤਾਰਿਆ ਸੀ। ਮੱਛੀ ਵੇਚਣ ਵਾਲੇ ਬਾਬਾ ਦੀ ਮੌਤ ਦੇ ਪਿੱਛੇ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ। ਇਹ ਮਿਹਨਤ ਦੀ ਕਮਾਈ ਦੇ ਉਹ ਪੈਸੇ ਸਨ ਜਿਹੜੇ ਬਾਬੇ ਕੋਲ ਕੰਮ ਕਰਦੇ ਨੌਕਰ ਨੂੰ ਉਸ ਵੇਲੇ ਵੀ ਨਹੀਂ ਮਿਲੇ ਜਦੋਂ ਉਸਦਾ ਮੁੰਡਾ ਸਖਤ ਬਿਮਾਰ ਸੀ। ਵੇਲੇ ਸਿਰ ਇਲਾਜ ਨਾ ਹੋ ਸਕਣ ਕਾਰਨ ਉਸਦਾ ਲੜਕਾ ਮੌਤ ਦਾ ਸ਼ਿਕਾਰ ਹੋ ਗਿਆ। ਉਸ ਵੇਲੇ ਤੋਂ ਹੀ ਉਹ ਨੌਕਰ ਗੁੱਸੇ ਵਿੱਚ ਸੀ। 
ਕੋਤਵਾਲੀ ਦੀ ਪੁਲੀਸ ਨੇ ਮੱਛੀ ਵਾਲੇ ਬਾਬੇ ਦੇ ਕਤਲ ਅਮਲ ਸੁਲਝਾ ਲਿਆ ਹੈ। ਇਸ ਮਾਮਲੇ ’ਚ ਉਸ ਦੇ ਪੁਰਾਣੇ ਨੌਕਰ ਨੂੰ ਮੁਹੱਲਾ ਪੀਰੂਬੰਦਾ ਵਾਸੀ ਬੁਟੇਲੀ ਰਾਮ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਮੂਲ ਰੂਪ ’ਚ ਬਿਹਾਰ ਦੇ ਜ਼ਿਲੇ ਦਰਬੰਗਾ ਸਥਿਤ ਪਿੰਡ ਦੁਗਲੀ ਧਾਮ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮੁਲਜ਼ਮ ਨੂੰ ਰੇਲਵੇ ਸਟੇਸ਼ਨ ਤੋਂ ਗਿਰਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਸ਼ੁੱਕਰਵਾਰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਇਸ ਸਬੰਧੀ ਪੱਤਰਕਾਰ ਮਿਲਣੀ ਦੌਰਾਨ ਏਡੀਸੀਪੀ-1 ਗੁਰਪਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਮੁਲਜ਼ਮ ਬੁਟੇਲੀ ਰਾਮ ਪਹਿਲਾਂ ਮੱਛੀ ਵਾਲੇ ਬਾਬੇ ਦੇ ਕੋਲ ਹੀ ਕੰਮ ਕਰਦਾ ਸੀ। ਉਸ ਦਾ ਇਸਬਾਬੇ  ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ। ਉਸ ਨੇ ਪੈਸੇ ਮੰਗੇ ਸਨ ਪਰ ਬਾਬੇ ਨੇ ਉਸ ਨੂੰ ਪੈਸੇ ਨਹੀਂ ਦਿੱਤੇ। ਇਹ ਗੱਲ ਲੋਹੜੇ ਵਾਲੇ ਦਿਨਾਂ ਦੀ ਹੈ।  ਲੋਹੜੀ ਵਾਲੇ ਦਿਨ ਉਸ ਦਾ ਲੜਕਾ ਬੀਮਾਰ ਹੋ ਗਿਆ। ਉਹ ਇੱਕ ਵਾਰ ਫਿਰ ਬਾਬੇ ਕੋਲ ਗਿਆ ਤੇ ਪੈਸੇ ਮੰਗੇ, ਕਿਉਂਕਿ ਉਸ ਨੂੰ ਇਲਾਜ ਲਈ ਪੈਸੇ ਚਾਹੀਦੇ ਸਨ ਪਰ ਬਾਬੇ ਨੇ ਫਿਰ ਕੋਰਾ ਜੁਆਬ ਦੇ ਦਿੱਤਾ। ਇਸਦਾ ਸਿੱਟਾ ਬਹੁਤ ਬੁਰਾ ਨਿਕਲਿਆ। ਇਲਾਜ ਨਾ ਹੋ ਸਕਣ ਕਾਰਨ ਬੁਟੇਲੀ ਰਾਮ ਦੇ ਲੜਕੇ ਦੀ ਮੌਤ ਹੋ ਗਈ ਜਿਸ ਕਾਰਨ ਉਹ ਮੱਛੀ ਵਾਲੇ ਬਾਬੇ ਨਾਲ ਰੰਜਿਸ਼ ਰੱਖਣ ਲੱਗ ਪਿਆ।  ਉਸ ਨੇ ਬਾਬੇ ਨੂੰ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਬਣਾਈ। ਇਹ ਸ਼ਾਇਦ ਆਪਣੇ ਲੜਕੇ ਦੀ ਮੌਤ ਦਾ ਬਦਲਾ ਲੈਣ ਦੀ ਮੁਰਿਮਾਣਾ ਕੋਸ਼ਿਸ਼ ਸੀ। ਇਸ ਮਕਸਦ ਲਈ ਉਹ ਮੌਕੇ ਦੀ ਭਾਲ ਵਿੱਚ ਸੀ। ਫਿਰ 21 ਜਨਵਰੀ ਦੀ ਰਾਤ ਨੂੰ ਮੀਂਹ ਕਾਫ਼ੀ ਸੀ ਤਾਂ ਬਾਬੇ ਨੇ ਦੁਕਾਨ ਜਲਦੀ ਬੰਦ ਕਰ ਦਿੱਤੀ ਸੀ ਤੇ ਕੋਲ ਹੀ ਫੁੱਟਪਾਥ ’ਤੇ ਸੌਂ ਗਿਆ ਸੀ। ਇਸੇ ਦੌਰਾਨ ਬੁਟੇਲੀ ਰਾਮ ਨੇ ਮੌਕਾ ਦੇਖ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਬੁਟੇਲੀ ਰਾਮ ਨੇ ਉਸ ਦੀ ਲਾਸ਼ ’ਤੇ ਕੱਪੜਾ ਪਾਇਆ ਤੇ ਫ਼ਰਾਰ ਹੋ ਗਿਆ। ਅਗਲੇ ਦਿਨ ਤੱਕ ਵੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਜਦੋਂ ਪੁਲੀਸ ਨੇ ਇਸ ਮਾਮਲੇ ’ਚ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਫਿਰ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ। ਪੁਲੀਸ ਨੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ।