Wednesday, November 27, 2019

ਪਿੰਡ ਬੀਰਮੀ 'ਚ ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ

Nov 27, 2019, 5:45 PM
ਗਰਭਵਤੀ ਔਰਤਾਂ ਨੂੰ ਸਾਰੇ ਸਬੰਧਤ ਪੱਖਾਂ ਬਾਰੇ ਕੀਤਾ ਜਾਗਰੂਕ 
ਲੁਧਿਆਣਾ ਦੇ ਸਾਰੇ ਬਲਾਕਾਂ 'ਚ ਰੋਟੇਸ਼ਨ ਵਾਰ ਲੱਗਣਗੀਆਂ ਵਰਕਸ਼ਾਪਾਂ


ਲੁਧਿਆਣਾ: 27 ਨਵੰਬਰ 2019: (ਲੁਧਿਆਣਾ ਸਕਰੀਨ ਬਿਊਰੋ)::ਜ਼ਿਲਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ ਕਰਨ ਲਈ ਵਰਕਸ਼ਾਪਾਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੀ ਸ਼ੁਰੂਆਤ ਅੱਜ ਪਿੰਡ ਬੀਰਮੀ ਤੋਂ ਕੀਤੀ ਗਈ, ਜਿੱਥੇ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਦੀ ਅਗਵਾਈ ਵਿੱਚ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਸੰਭਾਵੀ ਮਾਵਾਂ ਨੂੰ ਜਾਗਰੂਕ ਕੀਤਾ ਗਿਆ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਸੁਯੋਗ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਇਹ ਵਰਕਸ਼ਾਪਾਂ ਜ਼ਿਲਾ ਲੁਧਿਆਣਾ ਅਧੀਨ ਪੈਂਦੇ ਸਾਰੇ 13 ਬਲਾਕਾਂ ਵਿੱਚ ਰੋਟੇਸ਼ਨਵਾਰ ਲਗਾਈਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਅਤੇ ਉਹਨਾਂ ਦੀ ਟੀਮ ਨਾਲ ਰਾਬਤਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ, ਖਾਸ ਕਰਕੇ ਪਹਿਲੀ ਵਾਰ ਮਾਂ ਬਣਨ ਵਾਲੀਆਂ, ਲਈ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਸਥਿਤੀਆਂ ਸੰਬੰਧੀ ਕਈ ਤੌਖ਼ਲੇ ਹੁੰਦੇ ਹਨ। ਉਹ ਇਸ ਸੰਬੰਧੀ ਬਹੁਤਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੀਆਂ। ਅਜਿਹੀਆਂ ਔਰਤਾਂ ਦੇ ਹਰ ਤਰਾਂ ਦੀਆਂ ਸ਼ੰਕਾਵਾਂ ਦਾ ਇਹਨਾਂ ਵਰਕਸ਼ਾਪਾਂ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ। ਉਹਨਾਂ ਦੱਸਿਆ ਕਿ ਇਹਨਾਂ ਵਰਕਸ਼ਾਪਾਂ ਦੌਰਾਨ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਗਰਭ ਨਿਰੋਧਕ, ਗਰਭ ਅਵਸਥਾ, ਜਣੇਪਾ, ਮਾਂ ਬਣਨਾ, ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਟੀਕਾਕਰਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾਇਆ ਕਰੇਗਾ। ਇਹ ਜਾਣਕਾਰੀ ਦੇਣ ਵੇਲੇ ਔਰਤਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੋਲ ਸੱਦਿਆ ਜਾਇਆ ਕਰੇਗਾ। ਉਹਨਾਂ ਕਿਹਾ ਕਿ ਜੇਕਰ ਕੋਈ ਡਾਕਟਰ ਜਾਂ ਸੰਸਥਾ ਜਾਂ ਜਥੇਬੰਦੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ ਤਾਂ ਉਹ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸੰਪਰਕ ਨੰਬਰ 01612444923 ਜਾਂ ਈਮੇਲ redcrossldh0yahoo.com 'ਤੇ ਸੰਪਰਕ ਕਰ ਸਕਦੇ ਹਨ। ਜੇਕਰ ਕੋਈ ਸੰਸਥਾ ਅਜਿਹੀ ਵਰਕਸ਼ਾਪ ਆਪਣੀ ਸੰਸਥਾ ਵਿੱਚ ਅਜਿਹੀ ਵਰਕਸ਼ਾਪ ਆਯੋਜਿਤ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਡਾ. ਸੋਢੀ ਵੱਲੋਂ 10 ਵਲੰਟੀਅਰਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ, ਜੋ ਕਿ ਬਲਾਕ ਪੱਧਰ 'ਤੇ ਹਫ਼ਤਾਵਰੀ ਕੈਂਪਾਂ ਦਾ ਆਯੋਜਨ ਕਰਿਆ ਕਰੇਗੀ। ਇਸ ਮੌਕੇ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਆਈ. ਏ. ਐੱਸ. (ਅੰਡਰ ਟਰੇਨਿੰਗ), ਸ੍ਰੀਮਤੀ ਅਵਨੀਤ ਕੌਰ ਸੀ. ਡੀ. ਪੀ. ਓ. ਸੁਧਾਰ, ਡਾ. ਆਨੰਦ ਮਲਹੋਤਰਾ ਰੂਰਲ ਮੈਡੀਕਲ ਅਫ਼ਸਰ, ਨਵੋਦਿਆ ਵਲੰਟੀਅਰਜ਼, ਸੁਪਰਵਾਈਜ਼ਰਜ਼, ਆਂਗਣਵਾੜੀ ਵਰਕਰਜ਼, ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਨਿਹੰਗ ਸਿੰਘਾਂ ਦਾ ਇਤਿਹਾਸ ਲਿਖਿਆ ਜਾਏ

Nov 27, 2019, 5:36 PM
ਸਿੱਖ ਬੁੱਧੀਜੀਵੀਆਂ ਨੂੰ ਠਾਕੁਰ ਦਲੀਪ ਸਿੰਘ ਵੱਲੋਂ ਪਹਿਲਕਦਮੀ ਦਾ ਸੱਦਾ
ਲੁਧਿਆਣਾ: 27 ਨਵੰਬਰ 2019:(ਲੁਧਿਆਣਾ ਸਕਰੀਨ ਬਿਊਰੋ)::
ਨਿਹੰਗ ਸਿੰਘ ਸਿੱਖ ਕੌਮ ਦੀ ਅਨਮੋਲ ਪੁੰਜੀ ਅਤੇ ਵਿਰਾਸਤੀ ਯੋਧੇ ਹਨ। ਇਹਨਾਂ ਪੰਥ ਯੋਧਿਆ ਦੀ ਇਸ ਅਨਮੋਲ ਪੁੰਜੀ ਅਤੇ ਗੌਰਵਮਈ ਇਤਿਹਾਸ ਨੂੰ ਲਿਖ ਕੇ ਸਾਹਮਣੇ ਲਿਆਉਣ ਦੀ ਸਿੱਖ ਬੁੱਧੀਜੀਵੀ ਪਹਿਲਕਦਮੀ ਕਰਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨੌਜਵਾਨ ਪੀੜ੍ਹੀਆ ਨੂੰ ਗੁਰੂ ਦੀ ਲਾਡਲੀ ਫੌਜ਼ ਦੇ ਤੌਰ ਤੇ ਪ੍ਰਸਿੱਧ ਪੰਥਕ ਯੋਧਿਆ ਦੀ ਮਹਾਨ ਵਿਰਾਸਤ ਬਾਰੇ ਜਾਣੂ ਕਰਵਾਉਣਾ ਆਸਾਨ ਹੋਵੇ। ਉਪਰੋਕਤ ਵਿਚਾਰ ਨਾਮਧਾਰੀ ਸੰਪ੍ਰਦਾਇ ਦੇ ਵਰਤਮਾਨ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਨੇ ਪੰਥ ਦੇ ਹਿੱਤ ਵਿੱਚ ਲਗਾਏ ਗਏ ਧਰਮ ਯੁੱਧ ਅਤੇ ਅਜ਼ਾਦੀ ਦੀ ਲੜਾਈ ਵਿੱਚ ਸ਼ਹਾਦਤਾਂ ਦੇਣ ਵਾਲੇ ਨਿਹੰਗ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਭਰਪੂਰ ਜੀਵਨ ਅੱਗੇ ਨਤਮਸਤਕ ਹੁੰਦੇ ਹੋਏ ਵਿਅਕਤ ਕੀਤੇ। ਠਾਕੁਰ ਜੀ ਨੇ ਕਿਹਾ ਕਿ ਨਿਹੰਗ ਸਿੰਘ ਦੇਸ਼ ਦੀ ਖਾਤਰ ਮੁਗਲ ਰਾਜ ਸਮੇਂ ਮੁਗਲਾਂ ਨਾਲ ਲੜੇ ਅਤੇ ਅੰਗਰੇਜ਼ੀ ਸਰਕਾਰ ਸਮੇਂ ਅੰਗਰੇਜ਼ਾਂ ਨਾਲ ਲੜੇ ਸਨ। ਹਜ਼ਾਰਾਂ-ਲੱਖਾਂ ਦੇ ਹਿਸਾਬ ਨਾਲ ਨਿਹੰਗ ਸਿੰਘ ਸ਼ਹੀਦ ਹੋਏ ਪਰ ਉਹਨਾਂ ਦਾ ਕਿਸੇ ਨੇ ਵੀ ਕਿਤੇ ਨਾਮ ਨਹੀਂ ਲਿਖਿਆ। ਨਿਹੰਗ ਸਿੰਘ ਨਾ ਕਮਲੇ ਹੁੰਦੇ ਹਨ ਅਤੇ ਨਾ ਹੀ ਗੁੰਡੇ ਹੁੰਦੇ ਹਨ,  ਨਿਹੰਗ ਸਿੰਘ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ। ਉਹ ਵਿਰਕਤ ਤਿਆਗੀ ਹੁੰਦੇ ਹਨ, ਉਹ ਸੰਸਾਰ ਦੇ ਮੋਹ-ਮਾਇਆ ਦੇ ਚੱਕਰ ਵਿੱਚ ਨਹੀਂ ਫੱਸਦੇ। ਸਾਡੇ ਵਾਗੂੰ ਵਿਵਹਾਰ ਨਹੀਂ ਕਰਦੇ, ਹਮੇਸ਼ਾ ਹੀ ਧਰਮ ਯੁੱਧ ਵਾਸਤੇ ਸਦਾ ਤਿਆਰ ਰਹਿੰਦੇ ਹਨ। ਜੇਕਰ ਸਿੱਖ ਬੁੱਧੀਜੀਵੀ ਇਤਿਹਾਸ ਦੇ ਪੰਨਿਆਂ ਵਿੱਚ ਨਿਹੰਗ ਸਿੰਘਾਂ ਦੀ ਸੂਰਵੀਰਤਾ ਦੇ ਰੰਗ ਭਰ ਦੇਵੇ ਤਾਂ ਭਵਿੱਖ ਵਿੱਚ ਵਿਸ਼ਵ ਸ਼ਕਤੀਆਂ ਦੀ ਸਿੱਖ ਕੌਮ ਦੇ ਪ੍ਰਤੀ ਰੂਚੀ ਵਧੇਗੀ। ਸਿੱਖ ਕੌਮ ਦੇ ਬੱਚਿਆਂ  ਵਿੱਚ ਪੰਥ ਪ੍ਰਤੀ ਪ੍ਰੇਮ ਭਾਵ ਵੱਧਣ ਦੇ ਨਾਲ-ਨਾਲ ਸੂਰਵੀਰਤਾ ਵਿੱਚ ਵੀ ਵਾਧਾ ਹੋਵੇਗਾ। ਆਓ ਅਸੀਂ ਸਾਰੇ ਮਿਲਕੇ ਪੰਥ ਦੇ ਮਹਾਨ ਯੋਧਿਆਂ ਦੇ ਇਤਿਹਾਸ ਦਾ ਸੰਕਲਨ ਕਰਕੇ ਆਪਣੀ ਵਿਸ਼ਾਲ ਪੁੰਜੀ ਨੂੰ ਲਿਖਣ ਦੇ ਯਤਨ ਕਰੀਏ।  

Tuesday, November 26, 2019

ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਮੁਹਿੰਮ ਤੇਜ਼

Nov 26, 2019, 4:14 PM
ਵਰਕਸ਼ਾਪ ਦਾ ਆਯੋਜਨ ਪਿੰਡ ਬੀਰਮੀ ਵਿਖੇ 27 ਨਵੰਬਰ ਨੂੰ
*ਗਰਭਵਤੀ ਔਰਤਾਂ ਨੂੰ ਗਰਭ, ਗਰਭ ਨਿਰੋਧਕ ਅਤੇ ਮਾਂ ਹੋਣ ਦੇ ਪੱਖਾਂ ਬਾਰੇ ਕੀਤਾ ਜਾਵੇਗਾ ਜਾਗਰੂਕ-ADC (D)
*ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬਲਾਕਾਂ ਵਿੱਚ ਰੋਟੇਸ਼ਨ ਵਾਰ ਲਗਾਈਆਂ ਜਾਣਗੀਆਂ ਵਰਕਸ਼ਾਪਾਂ
ਲੁਧਿਆਣਾ: 26 ਨਵੰਬਰ 2019: (ਲੁਧਿਆਣਾ ਸਕਰੀਨ ਬਿਊਰੋ)::
Courtesy Image 
ਜ਼ਿਲ੍ਹਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ ਕਰਨ ਲਈ ਵਰਕਸ਼ਾਪਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਸੁਯੋਗ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅਮ੍ਰਿਤ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਇਹ ਵਰਕਸ਼ਾਪਾਂ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਸਾਰੇ 13 ਬਲਾਕਾਂ ਵਿੱਚ ਰੋਟੇਸ਼ਨਵਾਰ ਲਗਾਈਆਂ ਜਾਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਅਤੇ ਉਨ੍ਹਾਂ ਦੀ ਟੀਮ ਨਾਲ ਰਾਬਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ, ਖਾਸ ਕਰਕੇ ਪਹਿਲੀ ਵਾਰ ਮਾਂ ਬਣਨ ਵਾਲੀਆਂ, ਲਈ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਸਥਿਤੀਆਂ ਸੰਬੰਧੀ ਕਈ ਤੌਖ਼ਲੇ ਹੁੰਦੇ ਹਨ। ਉਹ ਇਸ ਸੰਬੰਧੀ ਬਹੁਤਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੀਆਂ। ਅਜਿਹੀਆਂ ਔਰਤਾਂ ਦੇ ਹਰ ਤਰ੍ਹਾਂ ਦੀਆਂ ਸ਼ੰਕਾਵਾਂ ਦਾ ਇਨ੍ਹਾਂ ਵਰਕਸ਼ਾਪਾਂ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ।
ਉਨ੍ਹਾਂ ਦੱਸਿਆ ਕਿ ਪਹਿਲੀ ਵਰਕਸ਼ਾਪ ਮਿਤੀ 27 ਨਵੰਬਰ, 2019 ਨੂੰ ਸਵੇਰੇ 10.30 ਵਜੇ ਪਿੰਡ ਬੀਰਮੀ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਲਗਾਈ ਜਾਵੇਗੀ। ਇਨ੍ਹਾਂ ਵਰਕਸ਼ਾਪਾਂ ਦੌਰਾਨ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਗਰਭ ਨਿਰੋਧਕ, ਗਰਭ ਅਵਸਥਾ, ਜਣੇਪਾ, ਮਾਂ ਬਣਨਾ, ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਟੀਕਾਕਰਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾਇਆ ਕਰੇਗਾ। ਇਹ ਜਾਣਕਾਰੀ ਦੇਣ ਵੇਲੇ ਔਰਤਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੋਲ ਸੱਦਿਆ ਜਾਇਆ ਕਰੇਗਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਬੈਚ ਵਿੱਚ 47 ਔਰਤਾਂ ਨੂੰ ਉਨ੍ਹਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਡਾ. ਸੋਢੀ ਵੱਲੋਂ 10 ਵਲੰਟੀਅਰਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ, ਜੋ ਕਿ ਬਲਾਕ ਪੱਧਰ 'ਤੇ ਹਫ਼ਤਾਵਰੀ ਕੈਂਪਾਂ ਦਾ ਆਯੋਜਨ ਕਰਿਆ ਕਰੇਗੀ।  

Saturday, June 29, 2019

ਲੁਧਿਆਣਾ 'ਚ ਪੈਂਦੇ ਮਹੱਤਵਪੂਰਨ ਪ੍ਰੋਜੈਕਟਾਂ ਲਈ ਪ੍ਰਸਾਸ਼ਕੀ ਪ੍ਰਵਾਨਗੀ ਜਾਰੀ

Jun 29, 2019, 2:51 PM
ਹਲਕਾ ਫਤਹਿਗੜ ਸਾਹਿਬ ਅਧੀਨ ਪੈਂਦੇ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਖਰਚੇ ਜਾਣਗੇ 22.70 ਕਰੋੜ ਰੁਪਏ
MP ਡਾ. ਅਮਰ ਸਿੰਘ ਨੇ ਕਿਹਾ-ਚਿਰੋਕਣੀ ਮੰਗ ਹੋਈ ਪੂਰੀ
ਰਾਏਕੋਟ/ਲੁਧਿਆਣਾ: 29 ਜੂਨ 2019: (ਲੁਧਿਆਣਾ ਸਕਰੀਨ/ਪੰਜਾਬ ਸਕਰੀਨ)::
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਐਲਾਨੇ ਗਏ ਕਈ ਪ੍ਰੋਜੈਕਟਾਂ ਨੂੰ ਪ੍ਰਸਾਸ਼ਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਕੰਮ ਹੁਣ ਜਲਦ ਸ਼ੁਰੂ ਹੋ ਜਾਣਗੇ। ਇਸ ਪ੍ਰਵਾਨਗੀ ਵਿੱਚ ਪਿੰਡ ਧਨਾਨਸੂ ਵਿੱਚ ਪ੍ਰਸਤਾਵਿਤ ਸਾਈਕਲ ਵੈਲੀ ਸਮੇਤ ਜ਼ਿਲਾ ਲੁਧਿਆਣਾ ਵਿੱਚ ਪੈਂਦੀਆਂ ਮਹੱਤਵਪੂਰਨ ਸੜਕਾਂ ਸ਼ਾਮਿਲ ਹਨ, ਜੋ ਕਿ ਹਲਕਾ ਫਤਹਿਗੜ ਸਾਹਿਬ ਦਾ ਹਿੱਸਾ ਹਨ। 22.70 ਕਰੋੜ ਰੁਪਏ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਭਾਰੀ ਆਵਾਜਾਈ ਰਾਹਤ ਮਿਲੇਗੀ। ਇਹਨਾਂ ਪ੍ਰੋਜੈਕਟਾਂ ਲਈ ਇਹ ਪ੍ਰਵਾਨਗੀ ਜਾਰੀ ਕਰਾਉਣ ਵਿੱਚ ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦਾ ਖਾਸ ਯੋਗਦਾਨ ਰਿਹਾ ਹੈ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ (ਹਲਕਾ ਸਾਹਨੇਵਾਲ) ਵਿੱਚ ਸਾਈਕਲ ਵੈਲੀ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਲਈ 5.50 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਇਸ ਤੋ ਇਲਾਵਾ ਬਾਕੀ ਪ੍ਰੋਜੈਕਟਾਂ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਚਾਵਾ-ਸਮਰਾਲਾ ਸੜਕ, 8.20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਰਾਏਕੋਟ-ਮਲੇਰਕੋਟਲਾ ਸੜਕ ਸ਼ਾਮਿਲ ਹਨ।  
ਲੋਕ ਨਿਰਮਾਣ ਵਿਭਾਗ ਵੱਲੋਂ ਜਾਰੀ ਕੀਤੀ ਗਈ ਪ੍ਰਵਾਨਗੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਇਹਨਾਂ ਸੜਕਾਂ ਦੇ ਨਿਰਮਾਣ ਨਾਲ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਈ ਹੈ।ਜਦਕਿ ਸਾਈਕਲ ਵੈਲੀ ਪ੍ਰੋਜੈਕਟ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਹਲਕਾ ਰਾਏਕੋਟ ਦੀਆਂ 95.94 ਕਿਲੋ ਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਦੀ ਰਿਪੇਅਰ 1134.40 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਜਿਸ ਦੇ ਕੰਮ ਲਗਭਗ ਮੁਕੰਮਲ ਹੋਣ ਵਾਲੇ ਹਨ। ਇਸ ਤੋਂ ਇਲਾਵਾ ਸਾਲ 2019 ਦੌਰਾਨ ਹਲਕਾ ਰਾਏਕੋਟ ਦੀਆਂ ਹੋਰ ਬਾਕੀ ਰਹਿੰਦੀਆਂ ਲਿੰਕ ਸੜਕਾਂ ਦੀ ਰਿਪੇਅਰ ਵੀ ਕੀਤੀ ਜਾਵੇਗੀ, ਜਿਹਨਾਂ ਉੱਪਰ 825 ਲੱਖ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਹੈ।
ਡਾ. ਅਮਰ ਸਿੰਘ ਨੇ ਹਲਕਾ ਫਤਹਿਗੜ ਸਾਹਿਬ ਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਫਤਹਿਗੜ ਸਾਹਿਬ ਦੇ ਵਿਕਾਸ ਨੂੰ ਸਮਰਪਿਤ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸੜਕੀ ਨੈੱਟਵਰਕ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਦ੍ਰਿੜ ਯਤਨਸ਼ੀਲ ਹੈ। 

Thursday, May 23, 2019

ਹਲਕਾ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ 76372 ਵੋਟਾਂ ਨਾਲ ਜੇਤੂ

May 23, 2019, 8:08 PM
ਬੈਂਸ ਦੂਜੇ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਤੀਜੇ ਸਥਾਨ 'ਤੇ ਰਹੇ
ਲੁਧਿਆਣਾ: 23 ਮਈ 2019: (ਲੁਧਿਆਣਾ ਸਕਰੀਨ ਟੀਮ)::
ਲੋਕ ਸਭਾ ਚੋਣਾਂ-2019 ਤਹਿਤ ਹਲਕਾ ਲੁਧਿਆਣਾ-07 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਰਵਨੀਤ ਸਿੰਘ ਬਿੱਟੂ 383795 ਵੋਟਾਂ ਲੈ ਕੇ ਜੇਤੂ ਰਹੇ। ਉਹਨਾਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸ੍ਰ. ਸਿਮਰਜੀਤ ਸਿੰਘ ਬੈਂਸ ਨੂੰ 76372 ਵੋਟਾਂ ਦੇ ਫਰਕ ਨਾਲ ਹਰਾਇਆ। ਸ੍ਰ. ਬੈਂਸ ਨੂੰ 307423 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ 299435 ਵੋਟਾਂ ਲੈ ਕੇ ਤੀਜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ 15945 ਵੋਟਾਂ ਪ੍ਰਾਪਤ ਕਰਕੇ ਚੌਥੇ ਸਥਾਨ 'ਤੇ ਰਹੇ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ-ਕਮ-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱੱਸਿਆ ਕਿ ਉਪਰੋਕਤ ਚਾਰਾਂ ਉਮੀਦਵਾਰਾਂ ਤੋਂ ਇਲਾਵਾ ਐੱਨ. ਸੀ. ਪੀ. ਦੇ ਉਮੀਦਵਾਰ ਬਾਬਾ ਸੁਖਵਿੰਦਰ ਸਿੰਘ ਗਿੱਲ ਨੂੰ 2104, ਬੀ. ਐੱਲ. ਐੱਸ. ਡੀ. ਉਮੀਦਵਾਰ ਬਾਬਾ ਅਮਰਜੀਤ ਸਿੰਘ ਖਾਲਸਾ ਨੂੰ 3211, ਜੇ. ਜੇ. ਜੇ. ਕੇ. ਪੀ. ਦੇ ਦਰਸ਼ਨ ਸਿੰਘ ਡਾਬਾ ਨੂੰ 1346, ਪੀ. ਪੀ. ਆਈ. ਐੱਸ. ਦੇ ਦਲਜੀਤ ਸਿੰਘ ਨੂੰ 1597, ਐੱਚ. ਐੱਸ. ਐੱਸ. ਦੇ ਦਵਿੰਦਰ ਭਾਗੜੀਆ ਨੂੰ 3594, ਏ. ਪੀ. ਓ. ਐੱਲ. ਦੇ ਦਿਲਦਾਰ ਸਿੰਘ ਨੂੰ 1254, ਐੱਸ. ਏ. ਕੇ. ਏ. ਪੀ. ਦੇ ਪ੍ਰਦੀਪ ਬਾਵਾ ਨੂੰ 1158, ਪੀ. ਪੀ. ਆਈ. ਡੀ. ਦੇ ਬ੍ਰਿਜੇਸ਼ ਕੁਮਾਰ ਬਾਂਗੜ ਨੂੰ 1175, ਬੀ. ਐੱਚ. ਏ. ਪੀ. ਆਰ. ਏ. ਪੀ. ਦੇ ਬਲਜੀਤ ਸਿੰਘ ਨੂੰ 1640, ਐੱਨ. ਏ. ਟੀ. ਜੇ. ਯੂ. ਪੀ. ਦੇ ਇੰਜੀਨੀਅਰ ਬਲਦੇਵ ਰਾਜ ਕਤਨਾ ਨੂੰ 1328, ਏ. ਐੱਨ. ਸੀ. ਦੇ ਬਿੰਟੂ ਕੁਮਾਰ ਟਾਂਕ ਨੂੰ 1060, ਆਰ. ਏ. ਐੱਸ. ਏ. ਪੀ. ਦੇ ਮੁਹੰਮਦ ਨਸੀਮ ਅੰਸਾਰੀ ਨੂੰ 1871, ਐੱਸ. ਐੱਸ. ਪੀ. ਦੇ ਰਜਿੰਦਰ ਘਈ ਨੂੰ 1014, ਬੀ. ਐੱਮ. ਯੂ. ਪੀ. ਦੇ ਵੈਦ ਰਾਮ ਸਿੰਘ ਦੀਪਕ ਨੂੰ 952, ਆਜ਼ਾਦ ਜਸਦੀਪ ਸਿੰਘ ਸੋਢੀ ਨੂੰ 1535, ਆਜ਼ਾਦ ਜੈ ਪ੍ਰਕਾਸ਼ ਜੈਨ ਨੂੰ 2726, ਆਜ਼ਾਦ ਮਹਿੰਦਰ ਸਿੰਘ ਨੂੰ 895, ਆਜ਼ਾਦ ਰਵਿੰਦਰਪਾਲ ਸਿੰਘ ਨੂੰ 1359 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਨੋਟਾ ਬਟਨ ਨੂੰ 10538 ਵੋਟਰਾਂ ਨੇ ਦਬਾਇਆ।
ਗਿਣਤੀ ਪ੍ਰਕਿਰਿਆ ਮੁਕੰਮਲ ਹੋਣ 'ਤੇ ਰਿਟਰਨਿੰਗ ਅਧਿਕਾਰੀ-ਕਮ- ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜੇਤੂ ਰਹੇ ਸ੍ਰ. ਰਵਨੀਤ ਸਿੰਘ ਬਿੱਟੂ ਨੂੰ ਸਰਟੀਫਿਕੇਟ ਪ੍ਰਦਾਨ ਕੀਤਾ। ਸ੍ਰੀ ਅਗਰਵਾਲ ਨੇ ਸਮੁੱਚੀ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਨੇਪਰੇ ਚੜਨ 'ਤੇ ਸਮੂਹ ਧਿਰਾਂ ਦਾ ਧੰਨਵਾਦ ਕੀਤਾ। 

Sunday, May 19, 2019

ਜਿੱਤ ਹੋਵੇ ਜਾਂ ਹਾਰ--ਬੈਂਸ ਵੱਲੋਂ ਚੋਣ ਜੰਗ ਸਿਖਰਾਂ 'ਤੇ

ਲਾਲ ਝੰਡੇ ਦੇ ਸਾਥ ਨਾਲ ਹੋਰ ਨਿਖਰੇਗਾ ਕਾਮਰੇਡ ਬੈਂਸ 
ਲੁਧਿਆਣਾ: 19 ਮਈ 2019: (ਲੁਧਿਆਣਾ ਸਕਰੀਨ ਟੀਮ)::
ਅੱਜ ਵੋਟਾਂ ਪੈ ਗਈਆਂ ਹਨ। ਨਤੀਜੇ 23 ਮਈ ਨੂੰ ਆ ਜਾਣਗੇ। "ਕਿਸ ਦੇ ਹਿਸੇ ਕੀ ਆਉਣਾ ਹੈ" ਇਹ ਰਾਜ਼ ਉਦੋਂ ਤੱਕ ਲਈ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਇਸ ਵਾਰ ਲੁਧਿਆਣਾ ਦੀ ਚੋਣ ਜੰਗ ਨੇ ਅਹਿਸਾਸ ਕਰਾਇਆ ਹੈ ਕਿ ਸੰਕਲਪ ਵਿੱਚ ਬਹੁਤ ਜਾਨ ਹੁੰਦੀ ਹੈ। ਕਿੱਥੇ ਵੱਡੇ ਵੱਡੇ ਉਮੀਦਵਾਰ ਜਿਹਨਾਂ ਕੋਲ ਨਾ ਪੈਸੇ ਦੀ ਕਮੀ ਨਾ ਹੀ ਬੰਦਿਆਂ ਦੀ ਕਿੱਥੇ ਬੈਂਸ ਭਰਾ। ਅੱਜ ਦੇ ਕਾਰੋਬਾਰੀ ਯੁਗ ਵਿੱਚ ਇਮਾਨਦਾਰ ਬੰਦੇ ਲਈ ਚੋਣ ਲੜਨਾ ਬੜਾ ਨਾਮੁਮਕਿਨ ਜਿਹ ਕੰਮ ਲੱਗਦਾ ਹੈ। ਇੰਝ ਲੱਗਦੈ ਜਿਵੇਂ ਬੈਂਸ ਭਰਾ ਆਖ ਰਹੇ ਹੋ--
ਹਮਨੇ ਚਿਰਾਗ ਰਖ ਦੀਆ; ਤੂਫਾਂ ਕੇ ਸਾਮਨੇ;
ਪੀਛੇ ਹਟੇਗਾ ਇਸ਼ਕ਼ ਕਿਸੀ ਇਮਤਿਹਾਂ ਸੇ ਕਿਆ!
ਇਸ ਵਾਰ ਦੀ ਲੜਾਈ ਕੁਝ ਅਜਿਹੀ ਹੀ ਸੀ--ਪਹਾੜ ਨਾਲ ਮੱਥਾ ਮਾਰਨਾ ਕੋਈ ਸੌਖਾ ਨਹੀਂ ਸੀ---ਅਨਗਿਣਤ ਸਾਧਨਾਂ ਵਾਲੀਆਂ ਰਵਾਇਤੀ ਪਾਰਟੀਆਂ ਨਾਲ ਟੱਕਰ ਆਸਾਨ ਨਹੀਂ ਸੀ---ਨਾਲ ਕੌਣ ਸੀ? ਸਿਰਫ ਸੰਕਲਪ ਸ਼ਕਤੀ---ਨੈਤਿਕ ਸ਼ਕਤੀ ਅਤੇ ਲੋਕਾਂ ਲਈ ਜੂਝਣ ਵਾਲੀ ਲਾਲ ਝੰਡੇ ਦੀ ਸ਼ਕਤੀ ਦਾ ਸਾਥ--ਬਿਨਾ ਪੈਸੇ ਵੰਡੇ ਹਰ ਇਕੱਠ ਵਿੱਚ ਆਏ ਲੋਕਾਂ ਦਾ ਪਿਆਰ---ਨਾ ਜਿੱਤ ਦਾ ਦਾਅਵਾ--ਨਾ ਹਾਰ ਦਾ ਡਰ--ਨਤੀਜੇ ਕੁਝ ਵੀ ਹੋਣ--ਐਗਜ਼ਿਟ ਪੋਲ ਕੁਝ ਵੀ ਕਹੀ ਜਾਵੇ---ਇੱਕੋ ਵਾਅਦਾ--ਪਾਸ਼ ਦੇ ਸ਼ਬਦਾਂ ਵਿੱਚ--
ਅਸੀਂ ਲੜਾਂਗੇ ਸਾਥੀ-- 
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ 'ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ 'ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ...
ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ....
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ....
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ....

Saturday, May 18, 2019

ਲੁਧਿਆਣਾ ਵਿਖੇ ਪੀ ਡੀ ਏ ਉੱਮੀਦਵਾਰ ਬੈਂਸ ਦੇ ਹੱਕ ਵਿੱਚ ਲੋਕਾਂ ਦੀ ਹਨੇਰੀ

ਸੀਪੀਆਈ ਲੁਧਿਆਣਾ ਦੀ ਸਲੇਮ ਟਾਬਰੀ ਬਰਾਂਚ ਨੇ ਆਖ਼ਿਰੀ ਦੌਰ ਵਿੱਚ ਕੀਤਾ ਤੂਫ਼ਾਨੀ  ਪ੍ਰਚਾਰ 
ਵੱਡੇ ਫ਼ਰਕ ਨਾਲ ਜਿਤਾਵਾਂਗੇ:ਕਾਮਰੇਡ ਮਨਜੀਤ ਸਿੰਘ ਬੂਟਾ
ਲੁਧਿਆਣਾ: 18 ਮਈ 2019: (ਲੁਧਿਆਣਾ ਸਕਰੀਨ ਆਨਲਾਈਨ)::
ਚੋਣਾਂ ਦੇ ਬਹਾਨੇ ਇਨਕਲਾਬ ਦੀ ਹਨੇਰੀ ਲੁਧਿਆਣਾ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਦਸਤਕ ਦੇ ਰਹੀ ਹੈ। ਨਾਅਰੇ ਫਿਰ ਗੂੰਜ ਰਹੇ ਹਨ-ਨਿਕਲੋ ਬਾਹਰ ਮਕਾਨੋਂ ਸੇ-ਜੰਗ ਲੜੋ ਬੇਈਮਾਨੋਂ ਸੇ। ਜਦੋਂ ਸਿਮਰਜੀਤ ਸਿੰਘ ਬੈਂਸ ਦੇ ਕਾਫ਼ਿਲੇ ਨਾਲ ਜਿੰਗਲ ਗੀਤ ਦੀ ਲਾਜਵਾਬ ਧੁੰਨ ਨਾਲ ਸ਼ਬਦ ਗੂੰਜਦੇ ਹਨ-"ਅਪਨਾ ਬੈਂਸ ਆਏਗਾ--ਅਪਨਾ ਬੈਂਸ ਆਏਗਾ" ਤਾਂ ਲੋਕਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਦਾ ਹੈ-ਇਨਕਲਾਬ ਆਏਗਾ-ਅਬ ਇਨਕਲਾਬ ਆਏਗਾ। 
ਦੱਬੇ ਕੁਚਲੇ ਅਤੇ ਸਹਿਮੇ ਹੋਏ ਲੋਕਾਂ ਨੂੰ ਪੰਜਾਬ ਜਮਹੂਰੀ ਗਠਜੋੜ ਹੁਣ ਸਾਰੇ ਰੋਗਾਂ ਦੀ ਦਵਾ ਵਾਂਗ ਬਹੁੜਿਆ ਹੈ। ਸਿਆਸਤਦਾਨਾਂ ਤੋਂ ਅੱਕ ਅਤੇ ਥੱਕ ਚੁੱਕੇ ਲੋਕ ਹੁਣ ਫੇਰ ਉਮੀਦ ਕਰ ਰਹੇ ਹਨ "ਪੰਜਾਬ ਡੈਮੋਕਰੇਟਿਕ ਅਲਾਇੰਸ" (ਪੀ ਡੀ ਏ) ਤੋਂ। ਲੋਕਾਂ ਦੀਆਂ ਆਸਾਂ ਉਮੀਦਾਂ ਹੁਣ ਇਸ ਗਠਜੋੜ 'ਤੇ ਹੀ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੀ ਡੀ ਏ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਤਾਵਾਂਗੇ। ਇਹ ਗੱਲ ਸੀਪੀਆਈ ਆਗੂਆਂ ਨੇ ਸਲੇਮ ਟਾਬਰੀ ਵਿਖੇ ਪੀ ਡੀ ਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਚਲਾਈ ਪ੍ਰਚਾਰ ਮੁਹਿੰਮ ਦੌਰਾਨ ਕਹੀ।  ਲੋਕਾਂ ਨੂੰ ਯਕੀਨ ਹੈ ਜਿੱਤ ਤੋਂ ਬਾਅਦ ਕੁਰਪਟ ਅਧਿਕਾਰੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਂਦਾ ਜਾਵੇਗਾ। ਮਾਮੂਲੀ ਮਾਮੂਲੀ ਅਤੇ ਜਾਇਜ਼ ਕੰਮਾਂ ਲਈ ਲੋਕਾਂ ਨੂੰ ਦਫਤਰਾਂ ਦੇ ਚੱਕਰ ਕਢਵਾ ਕਢਵਾ ਕੇ ਖੱਜਲ ਖੁਆਰੀਆਂ ਕਰਨ ਕਰਾਉਣ ਵਾਲੇ ਸਿਸਟਮ ਨੂੰ ਲੋਕ ਹੁਣ ਤੁਰੰਤ ਫੁਰਤ ਬਦਲਣਾ ਚਾਹੁੰਦੇ ਹਨ। ਕੰਮ ਏਨੀ ਜਲਦੀ ਹੋਣ ਵਾਲਾ ਤਾਂ ਨਹੀਂ ਪਰ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਜੇਕਰ ਇਸ ਵਾਰ ਪੀ ਡੀ ਏ ਦੀ ਜਿੱਤ ਹੋਈ ਤਾਂ ਨਿਸਚੇ ਹੀ ਇਸ ਪਾਸੇ ਵੀ ਕਦਮ ਚੁੱਕੇ ਜਾਣਗੇ। 
ਜਨਤਾ ਨੇ ਹਰ ਕੋਨੇ ਵਿੱਚ ਪੀ ਡੀ ਏ ਨੂੰ ਜਿਤਾਉਣ ਦਾ ਵਿਸ਼ਵਾਸ ਦਿਵਾਇਆ ਹੈ। ਪਰਚਾਰ ਖਤਮ ਹੋਣ ਤੋ ਪਹਿਲਾਂ ਆਖਰੀ ਦਿਨ ਭਾਰਤੀ ਕਮਿਉਨਿਸਟ ਪਾਰਟੀ ਵਲੋਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਰੋਡ ਸ਼ੋ ਕਰਕੇ ਜ਼ੋਰਦਾਰ ਪਰਚਾਰ ਕੀਤਾ ਗਿਆ। ਅੱਜ ਘਰੋਘਰੀ ਜਾ ਕੇ ਪਾਰਟੀ ਦੇ ਕਾਰਕੁਨ ਇੱਕ ਇੱਕ ਕਰਕੇ ਲੋਕਾਂ ਨੂੰ ਮਿਲ ਰਹੇ ਹਨ ਤੇ ਬੂਥਾਂ ਨੂੰ ਸਾਂਭਣ ਦੀ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਇਲਾਕੇ ਦਾ ਆਗੂਆਂ ਕਾਮਰੇਡ ਮਨਜੀਤ ਸਿੰਘ ਬੂਟਾ, ਕਾਮਰੇਡ ਸਫੀਕ ਮੋਹੱਮਦ ਤੇ ਕਾਮਰੇਡ ਵਿਨੋਦ ਕੁਮਾਰ  ਨੇ ਦੱਸਿਆ ਕਿ ਆਮ ਇਹ ਪਾਇਆ ਗਿਆ ਹੈ ਕਿ ਲੋਕ ਕੱਲ ਵੋਟ ਪਾ ਕੇ ਲੁਧਿਆਣਾ ਤੋਂ ਰਵਾਇਤੀ ਪਰਟੀਆਂ ਨੂੰ ਵੱਡਾ ਝਟਕਾ ਦੇਣਗੇ ਤੇ ਪੀ ਡੀ ਏ ਦੇ ਉੱਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਜਿੱਤ ਯਕੀਨੀ ਬਣਾਉਣਗੇ। ਹੁਣ ਦੇਖਣਾ ਹੈ ਕਿ ਲੋਕਾਂ ਦੀ ਇਹ ਆਵਾਜ਼ ਕਿੰਨੇ ਵੱਡੇ ਫਰਕ ਨਾਲ ਪੀ ਡੀ ਏ ਉਮੀਦਵਾਰਾਂ ਨੂੰ ਜਿਤਾਉਂਦੀ ਹੈ।