Tuesday, January 14, 2020

ਰਾਏਕੋਟ 'ਚ 30 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ

14th January 2020 at 6:50 PM
ਪ੍ਰੋਜੈਕਟ ਅਗਲੇ 9 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ
ਰਾਏਕੋਟ/ਲੁਧਿਆਣਾ:14 ਜਨਵਰੀ 2020: (ਕਾਰਤਿਕਾ ਸਿੰਘ//ਲੁਧਿਆਣਾ ਸਕਰੀਨ)::
ਰਾਏਕੋਟ ਸ਼ਹਿਰ 'ਚ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਰੂਪ ਧਾਰਨ ਕਰ ਚੁੱਕੀ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਦੂਰ ਕਰਨ ਦੇ ਮੰਤਵ ਨਾਲ ਸੀਵਰੇਜ ਬੋਰਡ ਵੱਲੋਂ ਸੀਵਰੇਜ ਕੰਮਾਂ ਦੀ ਰਸਮੀ ਸ਼ੁਰੂਆਤ ਅੱਜ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਕਰਵਾਈ ਗਈ, ਜਿਸ ਤਹਿਤ ਸ਼ਹਿਰ 'ਚ ਬਣਨ ਵਾਲੇ ਵੱਧ ਸਮਰੱਥਾ ਵਾਲੇ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ, ਕਾਮਿਲ ਬੋਪਾਰਾਏ, ਐਕਸੀਅਨ ਜੀ.ਪੀ ਸਿੰਘ, ਈ.ਓ ਅਮਰਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਦੀ ਮੌਜ਼ੂਦਗੀ ਰੱਖਿਆ ਗਿਆ। ਵੱਖ-ਵੱਖ ਗੇੜਾਂ ਵਿੱਚ ਇਸ ਪ੍ਰੋਜੈਕਟ 'ਤੇ ਕੁੱਲ 30 ਕਰੋੜ ਰੁਪਏ ਖਰਚੇ ਜਾਣਗੇ।
ਡਾ. ਅਮਰ ਸਿੰਘ ਨੇ ਦੱਸਿਆ ਕਿ ਹੁਡਕੋ ਪ੍ਰੋਜੈਕਟ ਅਧੀਨ ਕੀਤੇ ਜਾ ਰਹੇ ਇਸ ਪਹਿਲੇ ਗੇੜ ਦੇ ਕੰਮ 'ਤੇ 2.92 ਕਰੋੜ ਰੁਪਏ ਖਰਚੇ ਜਾਣਗੇ। ਇਹ ਪ੍ਰੋਜੈਕਟ ਅਗਲੇ 9 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤਿੰਨ ਹਿੱਸਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ, ਜਿਸ ਵਿੱਚ 750 ਮੀਟਰ ਮੇਨ ਸੀਵਰ ਲਾਈਨ, 1790 ਰਾਈਜ਼ਿੰਗ ਮੇਨ ਲਾਈਨ ਅਤੇ ਮੇਨ ਪੰਪਿੰਗ ਸਟੇਸ਼ਨ ਦਾ ਵਿਸਤਾਰ ਕੀਤਾ ਜਾਵੇਗਾ। ਇਸ ਤਰ੍ਹਾਂ ਸ਼ਹਿਰ ਦੇ ਸੀਵਰੇਜ ਦੀ ਕਪੈਸਟੀ ਵਿੱਚ ਵੱਡੀ ਪੱਧਰ 'ਤੇ ਵਾਧਾ ਹੋ ਜਾਵੇਗਾ।
ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸ਼ਹਿਰ ਵਿੱਚ 25 ਕਿਲੋਮੀਟਰ ਸੀਵਰੇਜ ਲਾਈਨ ਕੰਮ ਕਰ ਰਹੀ ਹੈ, ਜੋ ਕਿ ਪੁਰਾਣੀ ਅਤੇ ਤੰਗ ਹੈ, ਜਿਸ ਕਾਰਨ ਸ਼ਹਿਰ ਵਿੱਚ ਪਾਣੀ ਰੁਕਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਦਾ ਗੰਦਾ ਪਾਣੀ ਸ਼ਹਿਰ ਦੇ ਬਾਹਰੋਂ-ਬਾਹਰੋਂ ਕੱਚਾ ਕਿਲ੍ਹਾ ਡਰੇਨ ਵਿੱਚ ਪਾ ਦਿੱਤਾ ਜਾਵੇਗਾ। ਡਾ. ਅਮਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ 'ਸੀਵਰੇਜ ਟਰੀਟਮੈਂਟ ਪਲਾਂਟ' ਵੀ ਲਗਾਇਆ ਜਾਵੇਗਾ, ਜਿਸ ਦੀ ਟੈਂਡਰ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ।
ਉਹਨਾਂ  ਦੱਸਿਆ ਕਿ ਅੱਜ ਸ਼ਹਿਰ ਦੇ ਪੰਪਿੰਗ ਸਟੇਸ਼ਨ ਦੀ ਸਮਰੱਥਾ 10 ਤੋਂ ਵਧਾ ਕੇ 23 ਐਮ.ਐਲ.ਡੀ ਤੱਕ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ 50 ਕਿ. ਮੀ. ਸੀਵਰੇਜ ਲਾਈਨ ਵੀ ਪਾਈ ਜਾਵੇਗੀ, ਜਿਸ ਦੇ ਪੈਣ ਤੋਂ ਬਾਅਦ ਸ਼ਹਿਰ 'ਚ ਗੰਦੇ ਪਾਣੀ ਦੇ ਓਵਰ ਫਲੋਅ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ।
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਉਹ ਛੇਤੀ ਹੀ ਰਾਏਕੋਟ ਸ਼ਹਿਰ ਵਾਸੀਆਂ ਨੂੰ ਗੈਸ ਪਾਈਪ ਲਾਈਨ ਸਪਲਾਈ ਦੀ ਸੁਵਿਧਾ ਵੀ ਮੁਹੱਈਆ ਕਰਵਾ ਦੇਣਗੇ। ਉਹਨਾਂ ਰਾਏਕੋਟ ਸ਼ਹਿਰ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਉਣ ਦਾ ਜੋ ਵਾਅਦਾ ਸ਼ਹਿਰ ਵਾਸੀਆਂ ਨਾਲ ਕੀਤਾ ਹੈ ਉਹ ਉਸ ਵਾਅਦੇ ਨੂੰ ਹਰ ਹਾਲਤ ਵਿੱਚ ਪੂਰਾ ਕਰਨਗੇ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੁਖਪਾਲ ਸਿੰਘ ਗੋਂਦਵਾਲ, ਵਾਈਸ ਚੇਅਰਮੈਨ ਸੁਦਰਸ਼ਨ ਜੋਸ਼ੀ, ਏਬੰਤ ਜੈਨ, ਵਿਨੋਦ ਜੈਨ ਰਾਜੂ, ਬਲਜਿੰਦਰ ਸਿੰਘ ਰਿੰਪਾ, ਪ੍ਰਭਦੀਪ ਸਿੰਘ ਗਰੇਵਾਲ, ਕਮਲਪ੍ਰੀਤ ਸਿੰਘ ਨੱਥੋਵਾਲ, ਨਰੈਣ ਦੱਤ ਕੌਸ਼ਿਕ, ਕੌਂਸਲਰ ਹਰਵਿੰਦਰ ਸਿੰਘ ਬਿੱਟੂ, ਬਲਜਿੰਦਰ ਸਿੰਘ ਗਰੇਵਾਲ, ਠੇਕੇਦਾਰ ਮੁਖਤਿਆਰ ਸਿੰਘ, ਗੋਪਾਲ ਜੋਸ਼ੀ, ਮੰਗਤ ਰਾਏ ਬਾਂਸਲ, ਵਰਿੰਦਰ ਕੁਮਾਰ ਕਾਲਾ, ਸੁਖਪਾਲ ਸਿੰਘ ਕਾਕੂ, ਰਜਿੰਦਰ ਭੀਲ, ਸੋਹਣ ਸਿੰਘ ਬੁਰਜ, ਮੇਜਰ ਗਿੱਲ, ਸੁਮਨਦੀਪ ਸਿੰਘ ਦੀਪਾ, ਪਟਵਾਰੀ ਇਕਬਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਮੌਜੂਦ ਸਨ।

Friday, January 3, 2020

CAA, NRC ਅਤੇ NPR ਬਾਰੇ ਵਿਸ਼ੇਸ਼ ਚਰਚਾ

Friday: 3rd January 2020 at 5:29 PM
ਸੋਸ਼ਲ ਥਿੰਕਰਜ਼ ਫ਼ੋਰਮ ਅਤੇ AFDR  ਨੇ ਕਰਵਾਇਆ ਵਿਸ਼ੇਸ਼ ਆਯੋਜਨ 
ਲੁਧਿਆਣਾ: 3 ਜਨਵਰੀ 2020: (ਲੁਧਿਆਣਾ ਸਕਰੀਨ ਟੀਮ)::
ਸਰਕਾਰ ਨੇ ਸਾਰੇ ਮੋਰਚਿਆਂ 'ਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਿਚ ਅਸਫਲ ਰਹਿਣ ਤੋਂ ਬਾਅਦ  ਸਮਾਜ ਨੂੰ ਫਿਰਕੂ ਲੀਹਾਂ ‘ਤੇ ਧਰੁਵੀਕਰਨ ਕਰਨ ਲਈ ਖਤਰਨਾਕ ਕਾਰਵਾਈਆਂ ਤਿੱਖੀਆਂ ਕਰ ਦਿੱਤੀਆਂ ਹਨ। ਨਾਗਰਿਕ ਸੋਧ ਕਾਨੂੰਨ (ਸੀਏਏ) ਅਤੇ ਹੁਣ ਐਨਪੀਆਰ ਅਤੇ ਐਨਆਰਸੀ ਦੀ ਗੱਲਬਾਤ ਇਸੇ ਨੀਤੀ ਦਾ ਨਤੀਜਾ ਹੈ। ਸੋਸ਼ਲ ਥਿੰਕਰਜ਼ ਫ਼ੋਰਮ ਅਤੇ ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਾਈਟਸ ਵੱਲੋਂ ਅੱਜ ਇੱਥੇ ਆਯੋਜਿਤ “ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਲੰਮੇ ਸਮੇਂ ਦੇ ਪ੍ਰਭਾਵ ਵਿਸ਼ੇ ਤੇ ਵਿਚਾਰ ਚਰਚਾ ਦੌਰਾਨ ਅੱਜ ਇਹੀ ਸਿੱਟਾ ਕੱਢਿਆ ਗਿਆ। ਇਸ ਮੌਕੇ ਭਾਗ ਲੈਣ ਵਾਲੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਪ੍ਰਤਾੜਿਤ ਲੋਕਾਂ ਨੂੰ ਧਰਮ ਦੇ ਅਧਾਰ ਤੇ ਨਾਗਰਿਕਤਾ ਦੇਣ ਲਈ ਕਾਨੂੰਨ ਪਾਸ ਕਰਨਾ ਨਾ ਕੇਵਲ ਗੈਰ ਸੰਵਿਧਾਨਿਕ ਹੈ ਬਲਕਿ ਸਾਡੇ ਅਜ਼ਾਦੀ ਘੁਲਾਟੀਆਂ ਦੇ ਇੱਕ ਧਰਮ ਨਿਰਪੱਖ ਤੇ ਲੋਕਤੰਤਰਿਕ ਦੇਸ਼ ਉਸਾਰਨ ਦੇ ਸੁਪਨਿਆਂ ਦਾ ਘਾਣ ਵੀ ਹੈ। ਇਹ ਸਾਡੇ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਹੈ ਜੋ ਕਿ ਧਰਮ ਨਿਰਪੱਖਤਾ ਅਤੇ ਲੋਕਤੰਤਰ ਤੇ ਅਧਾਰਿਤ ਹੈ। ਇਹ ਮੁਸਲਮਾਨਾਂ ਨੂੰ ਦੂਰ ਕਰਨ ਅਤੇ ਸਮਾਜ ਦਾ ਫ਼ਿਰਕੂ ਲੀਹਾਂ ਤੇ ਧਰੁਵੀਕਰਨ ਕਰਨ ਅਤੇ ਫ਼ਿਰਕੂ ਦੰਗੇ ਕਰਵਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਪਰ ਭਾਰਤ ਦੇ ਲੋਕਾਂ ਨੇ ਉਨ੍ਹਾਂ ਦੀ ਸਾਜ਼ਿਸ਼ ਨੂੰ ਪਛਾਣ ਲਿਆ ਹੈ ਅਤੇ ਫਿਰਕੂ ਸਦਭਾਵਨਾ ਬਣਾਈ ਰੱਖੀ ਹੈ। ਇਸ ਸਬੰਧ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਵਿਸ਼ੇਸ਼  ਤੌਰ ‘ਤੇ ਸਲਾਘਾਯੋਗ ਹੈ। ਇਹਨਾਂ ਦਾ ਵਿਰੋਧ ਸਭ ਧਰਮਾਂ ਤੇ ਫ਼ਿਰਕਿਆਂ ਦੇ ਲੋਕਾਂ ਨੇ ਰੱਲ ਕੇ ਕੀਤਾ ਹੈ ਤੇ ਇੱਕਜੁਟਤਾ ਦਿਖਾਈ ਹੈ। ਇਸਤੋਂ ਕਿ ਸਰਕਾਰ ਬੌਖਲਾ ਗਈ ਹੈ। ਸਰਕਾਰ ਨੌਕਰੀਆਂ ਮੁਹੱਈਆ ਕਰਵਾਉਣ, ਸਾਰਿਆਂ ਨੂੰ ਸਿਹਤ ਸੰਭਾਲ ਮੁਹੱਈਆ ਕਰਵਾਉਣ, ਸਭਨਾਂ ਲਈ ਸਸਤੀ ਗੁਣਵੱਤਕ ਵਿਦਿਆ ਪ੍ਰਦਾਨ ਕਰਨ, ਮਜਦੂਰਾਂ ਨੂੰ ਘੱਟੋ ਘੱਟ ਉਜਰਤ, ਔਰਤਾਂ ਲਈ ਸੁੱਰਖਿਆ, ਖੇਤੀਬਾੜੀ ਮਜਦੂਰਾਂ ਦੀਆਂ ਜਰੂਰਤਾਂ ਦਿਵਾਉਣ ਵਿੱਚ ਅਸਫ਼ਲ ਰਹੀ ਹੈ।
ਭਾਰਤ ਦੇ ਲੋਕਾਂ ਨੇ 200 ਸਾਲ ਬਰਤਾਨਵੀ ਰਾਜ ਦੇ ਖਿਲਾਫ਼ ਸੰਘਰਸ਼ ਕੀਤਾ ਤਾਂ ਜੋ ਇਕ ਖ਼ੁਦਮੁਖ਼ਤਾਰ ਅਜ਼ਾਦ ਦੇਸ਼ ਦੀ ਸਥਾਪਨਾ ਕੀਤੀ ਜਾਏ ਜਿਸ ਵਿੱਚ ਬਿਨਾ ਕਿਸੇ ਲਿੰਗ, ਜਾਤਪਾਤ ਜਾਂ ਧਰਮ ਦੇ ਭੇਦ ਦੇ ਨਆਂ ਤੇ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ ਜਿਸ ਵਿੱਚ ਸਭ ਨੂੰ ਯਗਤਾ ਅਨੁਸਾਰ ਅਵਸਰ ਪ੍ਰਾਪਤ ਹੋਣ। ਪਰ ਅੱਜ ਇਸ ਸਭ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਤੇ ਬੋਝ ਪਾਇਆ ਜਾ ਰਿਹਾ ਹੈ ਇਸਦੇ ਉਲਟ ਕਾਰਪੋਰੇਟ ਖੇਤਰ ਨੂੰ ਅਥਾਹ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਉੱਚ ਤੇ ਮੁਢਲੀ ਸਿੱਖਿਆ ਦੇ ਨਾਮ ਤੇ ਇੱਕਠਾ ਕੀਤਾ 90000 ਕਰੋੜ ਰੁਪਏ ਦਾ ਵਿਸ਼ੇਸ਼ ਟੈਕਸ ਇਸ ਕੰਮ ਲਈ ਵਰਤਿਆ ਨਹੀਂ ਗਿਆ। ਜਿੱਨੀਆਂ ਲੋਕ ਵਿਰੋਧੀੀ ਨੀਤੀਆਂ ਇਸ ਸਰਕਾਰ ਦੇ ਦੌਰਾਨ ਬਣੀਆਂ ਹਨ ਹੁਣ ਤੱਕ ਕਦੇ ਵੀ ਨਹੀਂ ਸਨ ਬਣੀਆਂ।
ਲੋਕ ਇਸ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ। ਦੇਸ ਦੇ ਵਿਕਾਸ. ਤੇ ਨੋਟਬੰਦੀ ਦਾ ਅਸਰ ਹੁਣ ਦਿਖ ਰਿਹ ਹੈ। ਜੀਡੀਪੀ ਵਿਕਾਸ ਦਰ ਨਕਾਰਾਤਮਕ ਵੱਲ ਜਾਣ ਦੇ ਨਾਲ ਉਦਯੋਗਿਕ ਉਤਪਾਦਨ ਅਤੇ ਲੋਕਾਂ ਦੀ ਖਰੀਦ ਸਮਰੱਥਾ ਵਿਚ ਗਿਰਾਵਟ ਆ ਗਈ ਹੈ ਜਿਸ ਨਾਲ ਆਰਥਕ ਖੜੋਤ ਆ ਗਈ ਹੈ। ਆਮ ਲੋਕਾਂ ਦੇ ਮੁੱਦਿਆਂ ਨੂੰ ਵੇਖਣ ਦੀ ਬਜਾਏ ਸਰਕਾਰ ਕਾਰਪੋਰੇਟ ਸੈਕਟਰ ਨੂੰ ਉਨ੍ਹਾਂ ‘ਤੇ ਟੈਕਸ ਘਟਾ ਕੇ ਖੁਸ਼ ਕਰਨ ਲੱਗੀ ਹੈ। ਆਮ ਆਦਮੀ ਤੇ ਟੈਕਸ ਦਾ ਭਾਰ ਵਧ ਗਿਆ ਹੈ ਤੇ ਉਹ ਬੁਰੀ ਤਰਾਂ ਮਹਿੰਗਾਈ ਦੀ ਮਾਰ ਹੇਠ ਪਿਸ ਰਿਹਾਹੈ। ਇਹਨਾਂ ਆਰਥਿਕ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ  ਸਰਕਾਰ ਵਲੋਂ ਨਾਗਰਿਕਤਾ ਸੋਧ ਐਕਟ ਆਦਿ ਲਿਆਂਦੇ ਜਾ ਰਹੇ ਹਨ। ਇਹ ਸਭ ਆਰ ਐਸ ਐਸ ਦੇ ਦੇਸ਼ ਦੇ ਅਨੇਕਤਾ ਵਿੱਚ ਏਕਤਾ ਦੇ ਸਭਿਆਚਾਰ ਨੂੰ ਤੋੜ ਕੇ ਇੱਕਸਾਰ ਦਾ ਸਭਿਆਚਾਰ ਥੋਪਣ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਉਨ੍ਹਾਂ ਦੇ ਏਜੰਡੇ ਦਾ ਇਕ ਹਿੱਸਾ ਹੈ ਜਿਸ ਵਿੱਚ ਘੱਟਗਿਣਤੀਆਂ ਵਾਲੇ ਲੋਕ ਦੂਜੇ ਦਰਜੇ ਦੇ ਨਾਗਰਿਕ ਹੋਣਗੇ। ਇਹ ਭਾਰਤ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਨਕਾਰ ਰਿਹਾ ਹੈ ਜੋ ਧਰਮ ਨਿਰਪੱਖਤਾ ਅਤੇ ਲੋਕਤੰਤਰ ਲਈ ਖੜ੍ਹਾ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿਉਂਕਿ ਆਰ ਐਸ ਐਸ ਤੇ ਇਸਦੀਆਂ ਇਕਾਈਆਂ ਨੇ ਅਜ਼ਾਦੀ ਦੀ ਲੜਾਈ ਦੌਰਾਨ ਬਰਤਾਨਵੀ ਸਾਮਰਾਜ ਦਾ ਸਾਥ ਦਿੱਤਾ। ਇਹਨਾਂ ਦੇ ਆਗੂ ਡਾਕਟਰ ਮੁੰਜੇ ਨੇ ਤਾਂ ਸੰਨ 1946 ਵਿੱਚ ਕਿਹਾ ਸੀ ਕਿ ਅਸੀਂ ਬਰਤਾਨਵੀ ਹਿੰਦੂ ਰਾਸ਼ਟਰ ਬਣਾਉਣਾ ਹੈ। ਇਸ ਲਈ ਇਹਨਾਂ ਨੂੰ ਸੰਵਿਧਾਨ ਬਾਰੇ ਕੋਈ ਦਰਦ ਨਹੀਂ। ਬੁਲਾਰਿਆਂ ਨੇ ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵੱਲੋਂ ਕੀਤੀ ਬੇਰਹਿਮੀ ਦੀ ਨਿਖੇਧੀ ਕੀਤੀ। ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਅਗਾਂਹਵਧੂ, ਧਰਮ ਨਿਰਪੱਖ ਤੇ ਲੋਕਤੰਤਰੀ ਤਾਕਤਾਂ ਅਜਿਹੇ ਮੁੱਦਿਆਂ ਦਾ ਵਿਰੋਧ ਕਰਨ ਅਤੇ ਇੱਕਜੁੱਟ ਹੋਣ। ਸਿਰਫ਼ ਭਾਰਤ ਦੇ ਲੋਕਾਂ ਦੀ ਧਰਮ ਨਿਰਪੱਖ ਲੋਕਤੰਤਰੀ ਏਕਤਾ ਹੀ ਦੇਸ਼ ਨੂੰ ਅੱਗੇ ਵਧਾ ਸਕਦੀ ਹੈ ਤੇ ਆਰ ਐਸ ਐਸ ਦੇ ਫ਼ਾਸ਼ੀਵਾਦੀ ਲੋਕ ਵਿਰੋਧੀ ਸਾਜ਼ਿਸ਼ਾਂ ਨੂੰ ਪਛਾੜ ਸਕਦੀ ਹੈ।
ਇਸ ਸਭਾ ਵਿੱਚ ਚਰਚਾਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼ਾਮਿਲ ਸਨ ਪ੍ਰੋ: ਜਗਮੋਹਨ ਸਿੰਘ, ਡਾ: ਅਰੁਣ ਮਿੱਤਰਾ, ਡਾ: ਬਲਬੀਰ ਸ਼ਾਹ, ਐਮ ਐਸ ਭਾਟੀਆ, ਡਾ: ਗਗਨਦੀਪ ਸਿੰਘ, ਡਾ: ਪਰਮ ਸੈਨੀ, ਕਾਰਤਿਕਾ ਸਿੰਘ, ਚਰਨ ਸਿੰਘ ਸਰਾਭਾ, ਰਜਿੰਦਰ ਪਾਲ ਸਿੰਘ, ਰਘਬੀਰ ਬੈਨੀਪਾਲ, ਪ੍ਰਭਦਿਆਲ ਸੈਨੀ, ਸਤੀਸ਼ ਸਚਦੇਵਾ, ਡਾ: ਸੂਰਜ ਢਿਲੋਂ, ਅਵਤਾਰ ਛਿੱਬੜ, ਰਮੇਸ਼ ਰਤਨ, ਡਾ; ਗੁਲਜ਼ਾਰ ਪੰਧੇਰ, ਡੀ ਪੀ ਮੌੜ, ਡਾ: ਭਾਰਤੀ ਉੱਪਲ, ਸਵਰੂਪ ਸਿੰਘ, ਆਨੋਦ ਕੁਮਾਰ, ਅਜੀਤ ਜਵੱਦੀ, ਐਮ ਐਸ ਭਾਟੀਆ, ਰੈਕਟਰ ਕਥੂਰੀਆ, ਪ੍ਰੋਫੈਸਰ ਏ ਕੇ ਮਲੇਰੀ, ਜੀ ਐਸ ਚਾਵਲਾ।
ਮੀਟਿੰਗ ਵਿੱਚ ਆਉਣ ਵਾਲੇ ਸਮੇ ਵਿੱਚ ਨਾਗਰਿਕਾਂ ਨੂੰ ਇੱਕਤਰ ਕਰਕੇ ਅੰਦੋਲਨ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ। ਕੁਮਾਰੀ ਕਾਰਤਿਕਾ ਸਿੰਘ ਨੇ ਗੌਰੀ ਲੰਕੇਸ਼ ਨੂੰ ਸਮਰਪਿਤ ਇੱਕ ਕਵਿਤਾ ਦਾ ਪਾਠ ਕੀਤਾ।

Wednesday, December 11, 2019

ਲਟਕਣਬਾਜ਼ੀ ਦੇ ਰਵਈਏ ਮਗਰੋਂ ਪੁਲਿਸ ਵਿਰੁੱਧ ਰੋਹ ਅਤੇ ਰੋਸ ਹੋਰ ਤੇਜ਼

Dec 11, 2019, 4:02 PM
ਹੰਬੜਾਂ ਵਿਖੇ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੀ ਅਰਥੀ ਸਾੜੀ
ਹੰਬੜਾਂ (ਲੁਧਿਆਣਾ11 ਦਸੰਬਰ 2019: (ਲੁਧਿਆਣਾ ਸਕਰੀਨ ਬਿਊਰੋ):: 
ਜਨਤਕ ਆਗੂਆਂ ਦੀ ਰਿਹਾਈ ਨੂੰ ਲੈ ਕੇ ਪੁਲਿਸ ਆਗੂਆਂ ਵੱਲੋਂ ਲਗਾਤਾਰ ਲਟਕਣਬਾਜ਼ੀ ਵਾਲਾ ਰਵਈਆ ਆਪਣੇ ਜਾਣ ਮਗਰੋਂ ਜਨਤਕ ਜੱਥੇਬੰਦੀਆਂ ਇੱਕ ਵਾਰ ਫੇਰ ਤਿੱਖੇ ਰੋਹ ਅਤੇ  ਰੋਸ ਵਿੱਚ ਹਨ। ਪੁਲਿਸ ਅਧਿਕਾਰੀ ਸਮੀਰ ਵਰਮਾ ਏਸੀਪੀ (ਪੱਛਮੀ) ਦੀ ਅਰਥੀ ਸਾੜੇ ਜਾਣ ਨਾਲ ਟਕਰਾਓ ਵਰਗੇ ਹਾਲਾਤ ਵਾਲੀ ਸ਼ੁਰੂਆਤ ਮੁੜ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹਨਾਂ ਜਨਤਕ ਆਗੂਆਂ ਨੇ ਇੱਕ ਨਾਬਾਲਗ ਮਜ਼ਦੂਰ ਲਵਕੁਸ਼ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਦੇ ਵਿਰੋਧ ਵਿੱਚ ਸ਼ਾਂਤਮਈ ਧਰਨਾ ਦਿੱਤਾ ਸੀ। ਅਰਥੀ ਸਾੜਣ ਦੀ ਇਹ ਕਾਰਵਾਈ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਕੀਤੀ ਗਈ। 
ਅੱਜ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਦੀ ਅਰਥੀ ਸਾੜੀ ਗਈ ਅਤੇ ਮੰਗ ਕੀਤੀ ਗਈ ਕਿ 15 ਸਾਲਾਂ ਦੀ ਉਮਰ ਦੇ ਮਜ਼ਦੂਰ ਲਵਕੁਸ਼ ਦੇ ਠੇਕੇਦਾਰ ਵੱਲੋਂ ਕਤਲ ਤੋਂ ਬਾਅਦ ਇਨਸਾਫ਼ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ-ਕਾਰਕੁੰਨਾਂ ਉੱਤੇ ਪਾਏ ਝੂਠੇ ਪੁਲਿਸ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਜੇਲ੍ਹ ’ਚ ਡੱਕੇ ਆਗੂਆਂ-ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਕਾਤਲ ਰਘਬੀਰ ਪਾਸਵਾਨ ਨੂੰ ਸਖਤ ਤੋਂ ਸਖਤ ਸਜਾ ਕਰਾਈ ਜਾਵੇ। ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਲੋਕ ਆਗੂਆਂ-ਕਾਰਕੁੰਨਾਂ ਉੱਤੇ ਪਾਏ ਝੂਠੇ ਕੇਸ ਰੱਦ ਨਹੀਂ ਕੀਤੇ ਗਏ ਤੇ ਰਿਹਾਈ ਨਹੀਂ ਹੋਈ ਤਾਂ 15 ਦਸੰਬਰ ਤੋਂ ਏਸੀਪੀ (ਪੱਛਮੀ) ਸਮੀਰ ਵਰਮਾ ਖਿਲਾਫ਼ ਉਸਦੇ ਦਫਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕੀਤਾ ਜਾਵੇਗਾ।
18 ਨਵੰਬਰ ਨੂੰ ਇਨਸਾਫ਼ ਲਈ ਸੰਘਰਸ਼ ਕਰ ਰਹੇ ਲੋਕਾਂ ਉੱਤੇ ਜ਼ਬਰ ਢਾਹੁਣ, ਲੋਕ ਆਗੂਆਂ-ਕਾਰਕੁੰਨਾਂ ਨੂੰ ਗਿਰਫਤਾਰ ਕਰਨ, ਝੂਠਾ ਪੁਲਿਸ ਕੇਸ ਦਰਜ ਕਰਨ, ਜੇਲ੍ਹੀ ਡੱਕਣ ਦਾ ਦੋਸ਼ੀ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਹੈ। ਇਸੇ ਅਫਸਰ ਨੇ ਹੀ ਸੰਘਰਸ਼ ਕਮੇਟੀ ਨੂੰ ਭਰੋਸਾ ਦਿੱਤਾ ਸੀ ਕਿ ਝੂਠਾ ਪੁਲਿਸ ਕੇਸ ਰੱਦ ਹੋਵੇਗਾ ਤੇ ਲੋਕ ਆਗੂਆਂ-ਕਾਰਕੁੰਨਾਂ ਦੀ ਰਿਹਾਈ ਹੋਵੇਗੀ ਪਰ ਉਸ ਵੱਲੋਂ ਇਸ ਪ੍ਰਕਿਰਿਆ ਨੂੰ ਲਟਕਾਇਆ ਗਿਆ ਹੈ। ਇਸ ਲਈ ਝੂਠਾ ਪੁਲਿਸ ਕੇਸ ਰੱਦ ਕਰਕੇ ਲੋਕ ਆਗੂਆਂ-ਕਾਰਕੁੰਨਾਂ ਦੀ ਤੁਰੰਤ ਰਿਹਾਈ ਦੀ ਪ੍ਰਕਿਰਿਆ ਨੂੰ ਸਿਰੇ ਚਾੜਨਾ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਦੀ ਜਿੰਮੇਵਾਰੀ ਹੈ। ਰਿਹਾਈ ਦੀ ਪ੍ਰਕਿਰਿਆ ਪੂਰਾ ਕਰਨ ਦਾ ਜੋ ਕੰਮ ਕੁੱਝ ਦਿਨਾਂ ਵਿੱਚ ਹੋ ਸਕਦਾ ਸੀ ਉਹ ਕਈ ਹਫਤਿਆਂ ਵਿੱਚ ਵੀ ਸਿਰੇ ਨਹੀਂ ਚਾੜਿਆ ਗਿਆ। ਇਸ ਲਈ ਕੇਸ ਰੱਦ ਨਾ ਹੋਣ ਅਤੇ ਨਾ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਕਮੇਟੀ ਵੱਲੋਂ ਇਸ ਅਫਸਰ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਹੰਬੜਾਂ ਦੇ ਇੱਕ ਪਲਾਈਵੁੱਡ ਕਾਰਖਾਨੇ ਵਿੱਚ ਠੇਕੇਦਾਰ ਰਘਬੀਰ ਪਾਸਵਾਨ ਨੇ ਲਵਕੁਸ਼ ਨਾਂ ਦੇ 15 ਵਰ੍ਹਿਆਂ ਦੇ ਨਾਬਾਲਗ ਮਜ਼ਦੂਰ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਸੀ। ਕਤਲ ਕੇਸ ਦਰਜ ਕਰਕੇ ਕਾਤਲ ਨੂੰ ਜੇਲ੍ਹ ਵਿੱਚ ਡੱਕਣ ਦੀ ਥਾਂ ਏਸੀਪੀ ਸਮੀਰ ਵਰਮਾ ਨੇ ਇਨਸਾਫ਼ਪਸੰਦ ਸੰਘਰਸ਼ਸ਼ੀਲ ਲੋਕਾਂ ਨੂੰ ਹੀ ਝੂਠੇ ਪੁਲਿਸ ਕੇਸ ਵਿੱਚ ਜੇਲ੍ਹੀਂ ਡੱਕਿਆ ਹੋਇਆ ਹੈ। ਇਸ ਖਿਲਾਫ਼ ਲੋਕ ਜੱਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।
ਅੱਜ ਦੇ ਅਰਥੀ ਫੂਕ ਮੁਜ਼ਾਹਰੇ ਨੂੰ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਸੂਰਜ, ਜਸਵੀਰ ਸਿੰਘ ਸੀਰਾ, ਜਸਪ੍ਰੀਤ ਕੌਰ, ਛਿੰਦਰਪਾਲ ਸਿੰਘ, ਕੁਲਵੰਤ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਿਤ ਕੀਤਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਇਸ ਮਸਲੇ ਉੱਤੇ ਅੱਜ ਹੰਬੜਾਂ ਵਿੱਚ ਵੱਖ-ਵੱਖ ਥਾਵਾਂ ਉੱਤੇ ਮੀਟਿੰਗਾਂ ਵੀ ਕਰਵਾਈਆਂ ਗਈਆਂ।  
          ਸੰਘਰਸ਼ ਕਮੇਟੀ ਵਿੱਚ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪਲਸ ਮੰਚ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜਮ ਫਰੰਟ, ਡੀਟੀਐਫ, ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਤੇ ਹੋਰ ਜੱਥੇਬੰਦੀਆਂ ਸ਼ਾਮਲ ਹਨ।

Wednesday, November 27, 2019

ਪਿੰਡ ਬੀਰਮੀ 'ਚ ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ

Nov 27, 2019, 5:45 PM
ਗਰਭਵਤੀ ਔਰਤਾਂ ਨੂੰ ਸਾਰੇ ਸਬੰਧਤ ਪੱਖਾਂ ਬਾਰੇ ਕੀਤਾ ਜਾਗਰੂਕ 
ਲੁਧਿਆਣਾ ਦੇ ਸਾਰੇ ਬਲਾਕਾਂ 'ਚ ਰੋਟੇਸ਼ਨ ਵਾਰ ਲੱਗਣਗੀਆਂ ਵਰਕਸ਼ਾਪਾਂ


ਲੁਧਿਆਣਾ: 27 ਨਵੰਬਰ 2019: (ਲੁਧਿਆਣਾ ਸਕਰੀਨ ਬਿਊਰੋ)::ਜ਼ਿਲਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ ਕਰਨ ਲਈ ਵਰਕਸ਼ਾਪਾਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੀ ਸ਼ੁਰੂਆਤ ਅੱਜ ਪਿੰਡ ਬੀਰਮੀ ਤੋਂ ਕੀਤੀ ਗਈ, ਜਿੱਥੇ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਦੀ ਅਗਵਾਈ ਵਿੱਚ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਸੰਭਾਵੀ ਮਾਵਾਂ ਨੂੰ ਜਾਗਰੂਕ ਕੀਤਾ ਗਿਆ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਸੁਯੋਗ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਇਹ ਵਰਕਸ਼ਾਪਾਂ ਜ਼ਿਲਾ ਲੁਧਿਆਣਾ ਅਧੀਨ ਪੈਂਦੇ ਸਾਰੇ 13 ਬਲਾਕਾਂ ਵਿੱਚ ਰੋਟੇਸ਼ਨਵਾਰ ਲਗਾਈਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਅਤੇ ਉਹਨਾਂ ਦੀ ਟੀਮ ਨਾਲ ਰਾਬਤਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ, ਖਾਸ ਕਰਕੇ ਪਹਿਲੀ ਵਾਰ ਮਾਂ ਬਣਨ ਵਾਲੀਆਂ, ਲਈ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਸਥਿਤੀਆਂ ਸੰਬੰਧੀ ਕਈ ਤੌਖ਼ਲੇ ਹੁੰਦੇ ਹਨ। ਉਹ ਇਸ ਸੰਬੰਧੀ ਬਹੁਤਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੀਆਂ। ਅਜਿਹੀਆਂ ਔਰਤਾਂ ਦੇ ਹਰ ਤਰਾਂ ਦੀਆਂ ਸ਼ੰਕਾਵਾਂ ਦਾ ਇਹਨਾਂ ਵਰਕਸ਼ਾਪਾਂ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ। ਉਹਨਾਂ ਦੱਸਿਆ ਕਿ ਇਹਨਾਂ ਵਰਕਸ਼ਾਪਾਂ ਦੌਰਾਨ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਗਰਭ ਨਿਰੋਧਕ, ਗਰਭ ਅਵਸਥਾ, ਜਣੇਪਾ, ਮਾਂ ਬਣਨਾ, ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਟੀਕਾਕਰਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾਇਆ ਕਰੇਗਾ। ਇਹ ਜਾਣਕਾਰੀ ਦੇਣ ਵੇਲੇ ਔਰਤਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੋਲ ਸੱਦਿਆ ਜਾਇਆ ਕਰੇਗਾ। ਉਹਨਾਂ ਕਿਹਾ ਕਿ ਜੇਕਰ ਕੋਈ ਡਾਕਟਰ ਜਾਂ ਸੰਸਥਾ ਜਾਂ ਜਥੇਬੰਦੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ ਤਾਂ ਉਹ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸੰਪਰਕ ਨੰਬਰ 01612444923 ਜਾਂ ਈਮੇਲ redcrossldh0yahoo.com 'ਤੇ ਸੰਪਰਕ ਕਰ ਸਕਦੇ ਹਨ। ਜੇਕਰ ਕੋਈ ਸੰਸਥਾ ਅਜਿਹੀ ਵਰਕਸ਼ਾਪ ਆਪਣੀ ਸੰਸਥਾ ਵਿੱਚ ਅਜਿਹੀ ਵਰਕਸ਼ਾਪ ਆਯੋਜਿਤ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਡਾ. ਸੋਢੀ ਵੱਲੋਂ 10 ਵਲੰਟੀਅਰਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ, ਜੋ ਕਿ ਬਲਾਕ ਪੱਧਰ 'ਤੇ ਹਫ਼ਤਾਵਰੀ ਕੈਂਪਾਂ ਦਾ ਆਯੋਜਨ ਕਰਿਆ ਕਰੇਗੀ। ਇਸ ਮੌਕੇ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਆਈ. ਏ. ਐੱਸ. (ਅੰਡਰ ਟਰੇਨਿੰਗ), ਸ੍ਰੀਮਤੀ ਅਵਨੀਤ ਕੌਰ ਸੀ. ਡੀ. ਪੀ. ਓ. ਸੁਧਾਰ, ਡਾ. ਆਨੰਦ ਮਲਹੋਤਰਾ ਰੂਰਲ ਮੈਡੀਕਲ ਅਫ਼ਸਰ, ਨਵੋਦਿਆ ਵਲੰਟੀਅਰਜ਼, ਸੁਪਰਵਾਈਜ਼ਰਜ਼, ਆਂਗਣਵਾੜੀ ਵਰਕਰਜ਼, ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਨਿਹੰਗ ਸਿੰਘਾਂ ਦਾ ਇਤਿਹਾਸ ਲਿਖਿਆ ਜਾਏ

Nov 27, 2019, 5:36 PM
ਸਿੱਖ ਬੁੱਧੀਜੀਵੀਆਂ ਨੂੰ ਠਾਕੁਰ ਦਲੀਪ ਸਿੰਘ ਵੱਲੋਂ ਪਹਿਲਕਦਮੀ ਦਾ ਸੱਦਾ
ਲੁਧਿਆਣਾ: 27 ਨਵੰਬਰ 2019:(ਲੁਧਿਆਣਾ ਸਕਰੀਨ ਬਿਊਰੋ)::
ਨਿਹੰਗ ਸਿੰਘ ਸਿੱਖ ਕੌਮ ਦੀ ਅਨਮੋਲ ਪੁੰਜੀ ਅਤੇ ਵਿਰਾਸਤੀ ਯੋਧੇ ਹਨ। ਇਹਨਾਂ ਪੰਥ ਯੋਧਿਆ ਦੀ ਇਸ ਅਨਮੋਲ ਪੁੰਜੀ ਅਤੇ ਗੌਰਵਮਈ ਇਤਿਹਾਸ ਨੂੰ ਲਿਖ ਕੇ ਸਾਹਮਣੇ ਲਿਆਉਣ ਦੀ ਸਿੱਖ ਬੁੱਧੀਜੀਵੀ ਪਹਿਲਕਦਮੀ ਕਰਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨੌਜਵਾਨ ਪੀੜ੍ਹੀਆ ਨੂੰ ਗੁਰੂ ਦੀ ਲਾਡਲੀ ਫੌਜ਼ ਦੇ ਤੌਰ ਤੇ ਪ੍ਰਸਿੱਧ ਪੰਥਕ ਯੋਧਿਆ ਦੀ ਮਹਾਨ ਵਿਰਾਸਤ ਬਾਰੇ ਜਾਣੂ ਕਰਵਾਉਣਾ ਆਸਾਨ ਹੋਵੇ। ਉਪਰੋਕਤ ਵਿਚਾਰ ਨਾਮਧਾਰੀ ਸੰਪ੍ਰਦਾਇ ਦੇ ਵਰਤਮਾਨ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਨੇ ਪੰਥ ਦੇ ਹਿੱਤ ਵਿੱਚ ਲਗਾਏ ਗਏ ਧਰਮ ਯੁੱਧ ਅਤੇ ਅਜ਼ਾਦੀ ਦੀ ਲੜਾਈ ਵਿੱਚ ਸ਼ਹਾਦਤਾਂ ਦੇਣ ਵਾਲੇ ਨਿਹੰਗ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਭਰਪੂਰ ਜੀਵਨ ਅੱਗੇ ਨਤਮਸਤਕ ਹੁੰਦੇ ਹੋਏ ਵਿਅਕਤ ਕੀਤੇ। ਠਾਕੁਰ ਜੀ ਨੇ ਕਿਹਾ ਕਿ ਨਿਹੰਗ ਸਿੰਘ ਦੇਸ਼ ਦੀ ਖਾਤਰ ਮੁਗਲ ਰਾਜ ਸਮੇਂ ਮੁਗਲਾਂ ਨਾਲ ਲੜੇ ਅਤੇ ਅੰਗਰੇਜ਼ੀ ਸਰਕਾਰ ਸਮੇਂ ਅੰਗਰੇਜ਼ਾਂ ਨਾਲ ਲੜੇ ਸਨ। ਹਜ਼ਾਰਾਂ-ਲੱਖਾਂ ਦੇ ਹਿਸਾਬ ਨਾਲ ਨਿਹੰਗ ਸਿੰਘ ਸ਼ਹੀਦ ਹੋਏ ਪਰ ਉਹਨਾਂ ਦਾ ਕਿਸੇ ਨੇ ਵੀ ਕਿਤੇ ਨਾਮ ਨਹੀਂ ਲਿਖਿਆ। ਨਿਹੰਗ ਸਿੰਘ ਨਾ ਕਮਲੇ ਹੁੰਦੇ ਹਨ ਅਤੇ ਨਾ ਹੀ ਗੁੰਡੇ ਹੁੰਦੇ ਹਨ,  ਨਿਹੰਗ ਸਿੰਘ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ। ਉਹ ਵਿਰਕਤ ਤਿਆਗੀ ਹੁੰਦੇ ਹਨ, ਉਹ ਸੰਸਾਰ ਦੇ ਮੋਹ-ਮਾਇਆ ਦੇ ਚੱਕਰ ਵਿੱਚ ਨਹੀਂ ਫੱਸਦੇ। ਸਾਡੇ ਵਾਗੂੰ ਵਿਵਹਾਰ ਨਹੀਂ ਕਰਦੇ, ਹਮੇਸ਼ਾ ਹੀ ਧਰਮ ਯੁੱਧ ਵਾਸਤੇ ਸਦਾ ਤਿਆਰ ਰਹਿੰਦੇ ਹਨ। ਜੇਕਰ ਸਿੱਖ ਬੁੱਧੀਜੀਵੀ ਇਤਿਹਾਸ ਦੇ ਪੰਨਿਆਂ ਵਿੱਚ ਨਿਹੰਗ ਸਿੰਘਾਂ ਦੀ ਸੂਰਵੀਰਤਾ ਦੇ ਰੰਗ ਭਰ ਦੇਵੇ ਤਾਂ ਭਵਿੱਖ ਵਿੱਚ ਵਿਸ਼ਵ ਸ਼ਕਤੀਆਂ ਦੀ ਸਿੱਖ ਕੌਮ ਦੇ ਪ੍ਰਤੀ ਰੂਚੀ ਵਧੇਗੀ। ਸਿੱਖ ਕੌਮ ਦੇ ਬੱਚਿਆਂ  ਵਿੱਚ ਪੰਥ ਪ੍ਰਤੀ ਪ੍ਰੇਮ ਭਾਵ ਵੱਧਣ ਦੇ ਨਾਲ-ਨਾਲ ਸੂਰਵੀਰਤਾ ਵਿੱਚ ਵੀ ਵਾਧਾ ਹੋਵੇਗਾ। ਆਓ ਅਸੀਂ ਸਾਰੇ ਮਿਲਕੇ ਪੰਥ ਦੇ ਮਹਾਨ ਯੋਧਿਆਂ ਦੇ ਇਤਿਹਾਸ ਦਾ ਸੰਕਲਨ ਕਰਕੇ ਆਪਣੀ ਵਿਸ਼ਾਲ ਪੁੰਜੀ ਨੂੰ ਲਿਖਣ ਦੇ ਯਤਨ ਕਰੀਏ।  

Tuesday, November 26, 2019

ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਮੁਹਿੰਮ ਤੇਜ਼

Nov 26, 2019, 4:14 PM
ਵਰਕਸ਼ਾਪ ਦਾ ਆਯੋਜਨ ਪਿੰਡ ਬੀਰਮੀ ਵਿਖੇ 27 ਨਵੰਬਰ ਨੂੰ
*ਗਰਭਵਤੀ ਔਰਤਾਂ ਨੂੰ ਗਰਭ, ਗਰਭ ਨਿਰੋਧਕ ਅਤੇ ਮਾਂ ਹੋਣ ਦੇ ਪੱਖਾਂ ਬਾਰੇ ਕੀਤਾ ਜਾਵੇਗਾ ਜਾਗਰੂਕ-ADC (D)
*ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬਲਾਕਾਂ ਵਿੱਚ ਰੋਟੇਸ਼ਨ ਵਾਰ ਲਗਾਈਆਂ ਜਾਣਗੀਆਂ ਵਰਕਸ਼ਾਪਾਂ
ਲੁਧਿਆਣਾ: 26 ਨਵੰਬਰ 2019: (ਲੁਧਿਆਣਾ ਸਕਰੀਨ ਬਿਊਰੋ)::
Courtesy Image 
ਜ਼ਿਲ੍ਹਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ ਕਰਨ ਲਈ ਵਰਕਸ਼ਾਪਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਸੁਯੋਗ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅਮ੍ਰਿਤ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਇਹ ਵਰਕਸ਼ਾਪਾਂ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਸਾਰੇ 13 ਬਲਾਕਾਂ ਵਿੱਚ ਰੋਟੇਸ਼ਨਵਾਰ ਲਗਾਈਆਂ ਜਾਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਅਤੇ ਉਨ੍ਹਾਂ ਦੀ ਟੀਮ ਨਾਲ ਰਾਬਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ, ਖਾਸ ਕਰਕੇ ਪਹਿਲੀ ਵਾਰ ਮਾਂ ਬਣਨ ਵਾਲੀਆਂ, ਲਈ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਸਥਿਤੀਆਂ ਸੰਬੰਧੀ ਕਈ ਤੌਖ਼ਲੇ ਹੁੰਦੇ ਹਨ। ਉਹ ਇਸ ਸੰਬੰਧੀ ਬਹੁਤਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੀਆਂ। ਅਜਿਹੀਆਂ ਔਰਤਾਂ ਦੇ ਹਰ ਤਰ੍ਹਾਂ ਦੀਆਂ ਸ਼ੰਕਾਵਾਂ ਦਾ ਇਨ੍ਹਾਂ ਵਰਕਸ਼ਾਪਾਂ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ।
ਉਨ੍ਹਾਂ ਦੱਸਿਆ ਕਿ ਪਹਿਲੀ ਵਰਕਸ਼ਾਪ ਮਿਤੀ 27 ਨਵੰਬਰ, 2019 ਨੂੰ ਸਵੇਰੇ 10.30 ਵਜੇ ਪਿੰਡ ਬੀਰਮੀ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਲਗਾਈ ਜਾਵੇਗੀ। ਇਨ੍ਹਾਂ ਵਰਕਸ਼ਾਪਾਂ ਦੌਰਾਨ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਗਰਭ ਨਿਰੋਧਕ, ਗਰਭ ਅਵਸਥਾ, ਜਣੇਪਾ, ਮਾਂ ਬਣਨਾ, ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਟੀਕਾਕਰਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾਇਆ ਕਰੇਗਾ। ਇਹ ਜਾਣਕਾਰੀ ਦੇਣ ਵੇਲੇ ਔਰਤਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੋਲ ਸੱਦਿਆ ਜਾਇਆ ਕਰੇਗਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਬੈਚ ਵਿੱਚ 47 ਔਰਤਾਂ ਨੂੰ ਉਨ੍ਹਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਡਾ. ਸੋਢੀ ਵੱਲੋਂ 10 ਵਲੰਟੀਅਰਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ, ਜੋ ਕਿ ਬਲਾਕ ਪੱਧਰ 'ਤੇ ਹਫ਼ਤਾਵਰੀ ਕੈਂਪਾਂ ਦਾ ਆਯੋਜਨ ਕਰਿਆ ਕਰੇਗੀ।  

Saturday, June 29, 2019

ਲੁਧਿਆਣਾ 'ਚ ਪੈਂਦੇ ਮਹੱਤਵਪੂਰਨ ਪ੍ਰੋਜੈਕਟਾਂ ਲਈ ਪ੍ਰਸਾਸ਼ਕੀ ਪ੍ਰਵਾਨਗੀ ਜਾਰੀ

Jun 29, 2019, 2:51 PM
ਹਲਕਾ ਫਤਹਿਗੜ ਸਾਹਿਬ ਅਧੀਨ ਪੈਂਦੇ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਖਰਚੇ ਜਾਣਗੇ 22.70 ਕਰੋੜ ਰੁਪਏ
MP ਡਾ. ਅਮਰ ਸਿੰਘ ਨੇ ਕਿਹਾ-ਚਿਰੋਕਣੀ ਮੰਗ ਹੋਈ ਪੂਰੀ
ਰਾਏਕੋਟ/ਲੁਧਿਆਣਾ: 29 ਜੂਨ 2019: (ਲੁਧਿਆਣਾ ਸਕਰੀਨ/ਪੰਜਾਬ ਸਕਰੀਨ)::
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਐਲਾਨੇ ਗਏ ਕਈ ਪ੍ਰੋਜੈਕਟਾਂ ਨੂੰ ਪ੍ਰਸਾਸ਼ਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਕੰਮ ਹੁਣ ਜਲਦ ਸ਼ੁਰੂ ਹੋ ਜਾਣਗੇ। ਇਸ ਪ੍ਰਵਾਨਗੀ ਵਿੱਚ ਪਿੰਡ ਧਨਾਨਸੂ ਵਿੱਚ ਪ੍ਰਸਤਾਵਿਤ ਸਾਈਕਲ ਵੈਲੀ ਸਮੇਤ ਜ਼ਿਲਾ ਲੁਧਿਆਣਾ ਵਿੱਚ ਪੈਂਦੀਆਂ ਮਹੱਤਵਪੂਰਨ ਸੜਕਾਂ ਸ਼ਾਮਿਲ ਹਨ, ਜੋ ਕਿ ਹਲਕਾ ਫਤਹਿਗੜ ਸਾਹਿਬ ਦਾ ਹਿੱਸਾ ਹਨ। 22.70 ਕਰੋੜ ਰੁਪਏ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਭਾਰੀ ਆਵਾਜਾਈ ਰਾਹਤ ਮਿਲੇਗੀ। ਇਹਨਾਂ ਪ੍ਰੋਜੈਕਟਾਂ ਲਈ ਇਹ ਪ੍ਰਵਾਨਗੀ ਜਾਰੀ ਕਰਾਉਣ ਵਿੱਚ ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦਾ ਖਾਸ ਯੋਗਦਾਨ ਰਿਹਾ ਹੈ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ (ਹਲਕਾ ਸਾਹਨੇਵਾਲ) ਵਿੱਚ ਸਾਈਕਲ ਵੈਲੀ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਲਈ 5.50 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਇਸ ਤੋ ਇਲਾਵਾ ਬਾਕੀ ਪ੍ਰੋਜੈਕਟਾਂ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਚਾਵਾ-ਸਮਰਾਲਾ ਸੜਕ, 8.20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਰਾਏਕੋਟ-ਮਲੇਰਕੋਟਲਾ ਸੜਕ ਸ਼ਾਮਿਲ ਹਨ।  
ਲੋਕ ਨਿਰਮਾਣ ਵਿਭਾਗ ਵੱਲੋਂ ਜਾਰੀ ਕੀਤੀ ਗਈ ਪ੍ਰਵਾਨਗੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਇਹਨਾਂ ਸੜਕਾਂ ਦੇ ਨਿਰਮਾਣ ਨਾਲ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਈ ਹੈ।ਜਦਕਿ ਸਾਈਕਲ ਵੈਲੀ ਪ੍ਰੋਜੈਕਟ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਹਲਕਾ ਰਾਏਕੋਟ ਦੀਆਂ 95.94 ਕਿਲੋ ਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਦੀ ਰਿਪੇਅਰ 1134.40 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਜਿਸ ਦੇ ਕੰਮ ਲਗਭਗ ਮੁਕੰਮਲ ਹੋਣ ਵਾਲੇ ਹਨ। ਇਸ ਤੋਂ ਇਲਾਵਾ ਸਾਲ 2019 ਦੌਰਾਨ ਹਲਕਾ ਰਾਏਕੋਟ ਦੀਆਂ ਹੋਰ ਬਾਕੀ ਰਹਿੰਦੀਆਂ ਲਿੰਕ ਸੜਕਾਂ ਦੀ ਰਿਪੇਅਰ ਵੀ ਕੀਤੀ ਜਾਵੇਗੀ, ਜਿਹਨਾਂ ਉੱਪਰ 825 ਲੱਖ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਹੈ।
ਡਾ. ਅਮਰ ਸਿੰਘ ਨੇ ਹਲਕਾ ਫਤਹਿਗੜ ਸਾਹਿਬ ਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਫਤਹਿਗੜ ਸਾਹਿਬ ਦੇ ਵਿਕਾਸ ਨੂੰ ਸਮਰਪਿਤ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸੜਕੀ ਨੈੱਟਵਰਕ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਦ੍ਰਿੜ ਯਤਨਸ਼ੀਲ ਹੈ।